ਬਾਬਾ ਬਕਾਲਾ ਸਾਹਿਬ ਵਿਖੇ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਸ਼ਾਲ ਕਾਨਫ਼ਰੰਸ

ਬਾਬਾ ਬਕਾਲਾ ਸਾਹਿਬ, 28 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਾ: ਵਿਧਾਇਕ ਅਤੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਅੱਜ ਪੰਥ ਵਿਰੋਧੀ ਤਾਕਤਾਂ ਸਾਡੇ ਪੁਰਖਿਆਂ ਦੀਆਂ ਵੱਡੀਆਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਈਆਂ ਨੁਮਾਇੰਦਾ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ’ਤੇ ਤੁਲੀਆਂ ਹੋਈਆਂ ਹਨ। ਪੰਥ ਵਿਰੋਧੀ ਤਾਕਤਾਂ ਨੇ ਮੇਰੇ ’ਤੇ ਗੁਰੂ ਘਰਾਂ ’ਚ ਦੋ ਵਾਰ ਹਮਲਾ ਕਰਵਾਇਆ, ਜੇਕਰ ਇਨ੍ਹਾਂ ਪੰਥ ਦੋਖੀਆਂ ਦੀ ਸਰਕਾਰ ਮੁੜ ਸੱਤਾ ਵਿਚ ਅਉਂਦੀ ਹੈ ਤਾਂ ਤੁਸੀਂ ਆਪਣੇ ਗੁਰੂ ਘਰਾਂ ’ਚ ਵੀ ਸੁਰੱਖਿਅਤ ਨਹੀਂ ਰਹੋਗੇ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਬੇਹੱਦ ਵਿਕਾਸ ਹੋਇਆ ਹੈ, ਪਰ ਪਿਛਲੇ ਸਾਲਾਂ ਦੌਰਾਨ ਕਾਂਗਰਸ ਅਤੇ ਹੁਣ ‘ਆਪ’ ਦੇ ਕਾਰਜਕਾਲ ’ਚ ਪੰਜਾਬ ਹਰ ਖੇਤਰ ’ਚ ਪਿਛਾਂਹ ਹੀ ਹੁੰਦਾ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਕਾਸ ਤੁਸੀਂ ਵੇਖ ਰਹੇ ਹੋ, ਇਹ ਸਾਰਾ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਹਰੇਕ ਵਰਗ ਨੂੰ ਸਹੂਲਤਾਂ ਮਿਲਦੀਆਂ ਰਹੀਆਂ ਹਨ, ਜੋ ਕਿ ਅੱਜ ਬੰਦ ਪਈਆਂ ਹਨ। ਬੇਅਦਬੀ ਮਾਮਲਿਆਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ ਦਾ ਰੌਲਾ ਪਾਉਣ ਵਾਲੇ ਅੱਜ ਕਿੱਥੇ ਹਨ। ਅਸੀਂ ਤਾਂ ਕੋਈ ਬੇਅਦਬੀ ਵੀ ਨਹੀਂ ਕੀਤੀ, ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਭ ਕੁਝ ਆਪਣੀ ਝੋਲੀ ਪਵਾਇਆ, ਪਰ ਹੁਣ ਬੇਅਦਬੀਆਂ ਹੋ ਰਹੀਆਂ ਹਨ ਤਾਂ ਅੱਜ ਰੌਲਾ ਪਾਉਣ ਵਾਲੇ ਕਿੱਥੇ ਹਨ, ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਵੀ ਇਨਕਾਰੀ ਹਨ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਕਿਹਾ ਕਿ ਤੁਸੀਂ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ, ਸਰਕਾਰ ਬਣਦੇ ਸਾਰ ਸਭ ਤੋਂ ਪਹਿਲਾਂ ਸਾਰੇ ਬੰਦੀ ਸਿੰਘ ਰਿਹਾਅ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਪਾਰਟੀ ਨਾਲ ਗ਼ਦਾਰੀ ਕਰਨ ਵਾਲੇ ਦੱਸਣ ਕਿ ਜਦੋਂ ਉਨ੍ਹਾਂ ਰਾਜ ਭਾਗ ਭੋਗੇ ਸਨ, ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਚੰਗਾ ਸੀ। ਅੱਜ ਗਲਤ ਹੱਥਾਂ ’ਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਜ਼ੁਬਾਨ ਦਾ ਪੱਕਾ ਹਾਂ, ਅਕਾਲੀ ਸਰਕਾਰ ਬਣਦਿਆਂ ਹੀ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਹੜ੍ਹਾਂ ਤੋਂ ਬਚਣ ਲਈ ਦਰਿਆਵਾਂ ਦਾ ਡੈਮੀਕਰਨ ਕੀਤਾ ਜਾਵੇਗਾ, ਲਾਲ ਲਕੀਰ ਅੰਦਰ ਰਹਿੰਦਿਆਂ ਦੀ ਪੱਕੀ ਰਜਿਸਟਰੀ ਹੋਵੇਗੀ, ਗਰੀਬ ਵਰਗ ਨੂੰ 50 ਕਿਲੋ ਕਣਕ ਦਿੱਤੀ ਜਾਵੇਗੀ, ਸ਼ਗਨ ਸਕੀਮ 1 ਲੱਖ ਕੀਤੀ ਜਾਵੇਗੀ, ਬੁਢਾਪਾ ਪੈਨਸ਼ਨ 3100 ਰੁਪਏ, ਬੱਚਿਆਂ ਨੂੰ ਰੁਜ਼ਗਾਰ ਲਈ 10 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ, ਪਸ਼ੂ ਖਰੀਦਣ ਤੇ 75 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ, ਹਰ ਜ਼ਿਲ੍ਹੇ ’ਚ ਇਕ ਵੈਟਰਨਰੀ ਹਸਪਤਾਲ ਅਤੇ ਇਕ ਮੈਡੀਕਲ ਹਸਪਤਾਲ ਖੋਲ੍ਹਿਆ ਜਾਵੇਗਾ, ਵਰਲਡ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਭਗਵੰਤ ਮਾਨ ਨੂੰ ਲਲਕਾਰਦਿਆਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰਾਂ, ਮੁਲਾਜ਼ਮਾਂ ’ਤੇ ਲਾਠੀਆਂ ਵਰ੍ਹਾਉਣ ਵਾਲੇ ਭਗਵੰਤ ਮਾਨ ਨੂੰ ਸਾਡੀ ਸਰਕਾਰ ਆਉਣ ’ਤੇ ਅਸੀਂ ਭੱਜਣ ਨਹੀਂ ਦਿਆਂਗੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਹੁਣ ਚੁਟਕਲਿਆਂ ਨਾਲ ਚੱਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਸਾਰੇ 117 ਹਲਕੇ ਭੁੱਲੇ ਹੋਏ ਹਨ ਅਤੇ ਹੁਣ ਕੇਵਲ ‘ਮਜੀਠੇ’ ਹਲਕੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ’ਤੇ ਕਿਹੜਾ ਕੇਸ ਨਹੀਂ ਕੀਤਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਸ ਧਰਤੀ ਦਾ ਜਾਇਆ ਹਾਂ, ਜੋ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ, ਉਹ ਸਾਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਲੁੱਟ-ਖਸੁੱਟ ਕਰਕੇ ਅੱਜ ਪੰਜ ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਤੇ ਸਾਨੂੰ ਆਉਣ ਵਾਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣਾ ਪਵੇਗਾ ਨਹੀਂ ਤਾਂ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਤਬਾਹ ਕਰ ਦੇਵੇਗੀ। ਇਸ ਮੌਕੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਸਮੇਤ ਪੁੱਜੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਸਨਮਾਨਿਤ ਕੀਤਾ । ਕਾਨਫ਼ਰੰਸ ਨੂੰ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਵੀਰ ਸਿੰਘ ਲੋਪੋਕੇ, ਰਾਜਨਬੀਰ ਸਿੰਘ ਘੁਮਾਣ, ਦੇਸਰਾਜ ਸਿੰਘ ਧੁੱਗਾ, ਅਲਵਿੰਦਰਪਾਲ ਸਿੰਘ ਪੱਖੋਕੇ, ਜ: ਅਮਰਜੀਤ ਸਿੰਘ ਭਲਾਈਪੁਰ, ਜੋਧ ਸਿੰਘ ਸਮਰਾ, ਗੁਰਬਚਨ ਸਿੰਘ ਕਰਮੂਵਾਲਾ, ਸੁਰਜੀਤ ਸਿੰਘ ਭਿੱਟੇਵੱਡ, ਜ: ਅਮਰਜੀਤ ਸਿੰਘ ਬੰਡਾਲਾ, ਰਾਜਿੰਦਰ ਸਿੰਘ ਮਹਿਤਾ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਬੀਬੀ ਕੰਚਨਪ੍ਰੀਤ ਕੌਰ, ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾ ਆਦਿ ਨੇ ਵੀ ਸੰਬੋਧਿਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਗੁਰਜਿੰਦਰ ਸਿੰਘ ਸਠਿਆਲਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ), ਜ: ਹਰਦੇਵ ਸਿੰਘ ਨਾਗੋਕੇ, ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲ਼ਕਾ (ਸਾਰੇ ਸਰਕਲ ਪ੍ਰਧਾਨ), ਅਵਤਾਰ ਸਿੰਘ ਬਿੱਲਾ ਸੇਰੋਂ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ ਤੇ ਗੁਰਪ੍ਰੀਤ ਸਿੰਘ ਵਡਾਲੀ ਹਾਜ਼ਰ ਸਨ ।