ਰੇਸ਼ਮ ਸਿੰਘ
ਅੰਮ੍ਰਿਤਸਰ, 18 ਸਤੰਬਰ-ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਟਕਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਮਿ੍ਤਕ ਏ.ਐਸ.ਆਈ. ਦੀ ਸ਼ਨਾਖਤ ਹਰਜੀਤ ਸਿੰਘ ਵਾਸੀ ਰਾਮਪੁਰ ਭੂਤਵਿੰਡ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਹੱਤਿਆ ਉਪਰੰਤ ਘਟਨਾ ਸਥਾਨ ਦਾ ਦੌਰਾ ਕਰਨ ਪੁੱਜੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਏ.ਐੱਸ.ਆਈ. ਹਰਜੀਤ ਸਿੰਘ ਗੇਟ ਹਕੀਮਾਂ ਵਿਖੇ ਤਾਇਨਾਤ ਸੀ, ਜਿਥੇ ਬੀਤੀ ਰਾਤ ਉਸ ਨੂੰ ਦਾਣਾ ਮੰਡੀ ਭਗਤਾਂ ਵਾਲਾ ਡਿਊਟੀ ’ਤੇ ਭੇਜਿਆ ਗਿਆ, ਜਿਥੇ ਰਾਤ 1 ਵਜੇ ਤੋਂ ਬਾਅਦ ਕੰਟਰੋਲ ਰੂਮ ’ਤੇ ਸੰਦੇਸ਼ ਮਿਲਿਆ ਕਿ ਇਸ ਨੂੰ ਗੋਲੀ ਵੱਜ ਗਈ ਹੈ ਤੇ ਤੁਰੰਤ ਅਮਨਦੀਪ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਤ ਸਾਢੇ 12 ਵਜੇ ਦੀ ਹੈ ਤੇ ਸੀ.ਸੀ.ਟੀ.ਵੀ. ਫੁਟੇਜ ’ਚ ਇਕ ਐਕਟਿਵਾ ’ਤੇ ਸਵਾਰ 2 ਸ਼ੱਕੀ ਹਮਲਾਵਰਾਂ ਦਾ ਪਤਾ ਲੱਗਾ ਹੈ। ਮੌਕੇ ਤੋਂ ਇਕ 30 ਬੋਰ ਦਾ ਖਾਲੀ ਖੋਲ ਮਿਲਿਆ ਹੈ, ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਤਹਿਰੀਕ-ਏ- ਤਾਲਿਬਾਨ ਹਿੰਦੁਸਤਾਨ ਵਲੋਂ ਲਈ ਗਈ ਜਿੰਮੇਵਾਰੀ ਦੇ ਸੰਬੰਧ ’ਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਜਥੇਬੰਦੀ ਦਾ ਦੇਸ਼ ’ਚ ਕੋਈ ਆਧਾਰ ਨਹੀਂ ਹੈ। ਘਟਨਾ ਉਪਰੰਤ ਡੀ.ਜੀ.ਪੀ. ਵਲੋਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ, ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐੱਸ.ਐੱਸ.ਪੀ. ਕੰਵਲਜੀਤ ਸਿੰਘ ਚਾਹਲ ਆਦਿ ਨਾਲ ਮੀਟਿੰਗ ਵੀ ਕੀਤੀ ਗਈ, ਜਿਸ ’ਚ ਇਸ ਮਾਮਲੇ ਨੂੰ ਤੁਰੰਤ ਤੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ।
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)- ਏ.ਐਸ.ਆਈ. ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਜਿਵੇਂ ਹੀ ਉਨ੍ਹਾਂ ਦੇ ਜੱਦੀ ਪਿੰਡ ਰਾਮਪੁਰ-ਭੂਤਵਿੰਡ ਤਹਿਸੀਲ ਖਡੂਰ ਸਾਹਿਬ ਵਿਖੇ ਪੁੱਜੀ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਸ਼ਹੀਦ ਦੇ ਭਰਾ ਏ.ਐਸ.ਆਈ. ਗੁਰਵੇਲ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਕਰਨੈਲ ਸਿੰਘ 1992 ’ਚ ਬਤੌਰ ਸਿਪਾਹੀ ਭਰਤੀ ਹੋਏ ਸਨ। ਇਸ ਵੇਲੇ ਉਹ ਅੰਮ੍ਰਿਤਸਰ ਵਿਖੇ ਏ.ਐਸ.ਆਈ. ਵਜੋਂ ਡਿਊਟੀ ਨਿਭਾਅ ਰਹੇ ਸਨ ।
ਡੀ.ਜੀ.ਪੀ. ਗੌਰਵ ਯਾਦਵ ਨੇ ਸ਼ਹੀਦ ਏ.ਐੱਸ.ਆਈ. ਹਰਜੀਤ ਸਿੰਘ ਸਿਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਹਾਦਰ ਪੁਲਿਸ ਅਧਿਕਾਰੀ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਜਦਕਿ ਐੱਚ.ਡੀ.ਐੱਫ.ਸੀ. ਬੈਂਕ ਵਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।