ਹਾਜੀਪੁਰ, 1 ਜਨਵਰੀ (ਪੁਨੀਤ ਭਾਰਦਵਾਜ)-ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈਸ ਮੰਤਰਾਲਾ ਭਾਰਤ ਸਰਕਾਰ ਵਲੋਂ ਪੈਟਰੋਲ ਪੰਪਾਂ ਨੂੰ ਕਈ ਤਰ੍ਹਾਂ ਦੀਆਂ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ | ਇਨ੍ਹਾਂ ਗਾਈਡ ਲਾਈਨ ਦੇ ਵਿਚ ਪੈਟਰੋਲ ਪੰਪ ਹੋਲਡਰਾਂ ਨੂੰ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਪੈਟਰੋਲ ਪੰਪਾਂ 'ਤੇ ਹਵਾ ਭਰਨ ਦੀ ਸੁਵਿਧਾ ਯਕੀਨੀ ਬਣਾਉਣ | ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈਸ ਮੰਤਰਾਲਿਆਂ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਇਹ ਗਾਈਡਲਾਈਨ ਦੀਆਂ ਬਹੁਤ ਵੱਡੀ ਗਿਣਤੀ 'ਚ ਪੈਟਰੋਲ ਪੰਪ ਹੋਲਡਰ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ | ਦੇਖਣ ਵਿਚ ਆਇਆ ਹੈ ਕਿ ਹਾਜੀਪੁਰ-ਤਲਵਾੜਾ ਰੋਡ, ਹਾਜੀਪੁਰ ਮੁਕੇਰੀਆਂ ਰੋਡ, ਹਾਜੀਪੁਰ ਦਸੂਹਾ ਰੋਡ 'ਤੇ ਸਥਿਤ ਪੈਟਰੋਲ ਪੰਪਾਂ 'ਤੇ ਹਵਾ ਭਰਨ ਦੇ ਪੰਪ ਲਗਾਏ ਗਏ ਹਨ ਪਰ ਬਹੁਤ ਵੱਡੀ ਗਿਣਤੀ ਵਿਚ ਇਨ੍ਹਾਂ ਪੈਟਰੋਲ ਪੰਪ 'ਤੇ ਇਹ ਹਵਾ ਵਾਲੇ ਪੰਪ ਲੰਬੇ ਸਮੇਂ ਤੋਂ ਕੰਮ ਨਹੀਂ ਕਰ ਰਹੇ | ਰਾਹਗੀਰੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਪੰਪ 'ਤੇ ਹਵਾ ਭਰਵਾਉਣ ਜਾਈਏ ਤੇ ਉਹ ਇੱਕੋ ਹੀ ਜਵਾਬ ਦਿੰਦੇ ਹਨ ਕਿ ਹਵਾ ਵਾਲਾ ਪੰਪ ਖ਼ਰਾਬ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿਸ ਦੇ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਪੈਟਰੋਲ ਕੰਪਨੀਆਂ ਵਲੋਂ ਸੇਲ ਅਫ਼ਸਰਾਂ ਅਤੇ ਵਿਭਾਗ ਵਲੋਂ ਪੈਟਰੋਲ ਪੰਪਾਂ ਦੀ ਰੁਟੀਨ ਚੈਕਿੰਗ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਸਭ ਦੇ ਬਾਵਜੂਦ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੋ ਕੰਪਨੀਆਂ ਅਤੇ ਵਿਭਾਗ ਦੀ ਰੁਟੀਨ ਚੈਕਿੰਗ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ | ਇਸ ਸੰਬੰਧ ਵਿਚ ਜਦੋਂ ਡੀ.ਐਫ.ਸੀ. ਹੁਸ਼ਿਆਰਪੁਰ ਪ੍ਰੀਤ ਕਮਲ ਸਿੰਘ ਸੂਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਨੂੰ ਲੈ ਕੇ ਕੋਈ ਸ਼ਿਕਾਇਤ ਹੁਣ ਤੱਕ ਨਹੀਂ ਮਿਲੀ ਹੈ | ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਦੇ ਸੇਲ ਅਫ਼ਸਰ ਅਤੇ ਵਿਭਾਗ ਵਲੋਂ ਇਨ੍ਹਾਂ ਪੰਪਾਂ ਦੀ ਰੁਟੀਨ ਚੈਕਿੰਗ ਹੁੰਦੀ ਰਹਿੰਦੀ ਹੈ, ਅਸੀਂ ਇਸ ਨੂੰ ਲੈ ਕੇ ਚੈਕਿੰਗ ਕਰਾਂਗੇ |