ਟਾਂਡਾ ਉੜਮੁੜ, 2 ਫਰਵਰੀ (ਕੁਲਬੀਰ ਸਿੰਘ ਗੁਰਾਇਆ)-ਐਮ. ਐਸ. ਕੇ. ਡੇ ਬੋਰਡਿੰਗ ਸਕੂਲ ਕੋਟਲੀ ਜੰਡ ਵਿਖੇ ਸਕੂਲ ਦੇ ਪ੍ਰਧਾਨ ਆਕਾਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੀ ਸਪੋਰਟਸ ਮੀਟ ਕਰਵਾਈ ਗਈ ਜਿਸ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਸਪੋਰਟਸ ਮੀਟ ਦਾ ਉਦਘਾਟਨ ਪ੍ਰਾਈਵੇਟ ਸਕੂਲ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ ਜਿਸ ਉਪਰੰਤ ਛੋਟੇ-ਛੋਟੇ ਬੱਚਿਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਬੱਚਿਆਂ ਨੇ ਵੱਖ-ਵੱਖ ਖੇਡਾਂ ਰਾਹੀਂ ਪ੍ਰਤਿਭਾ ਨੂੰ ਉਜਾਗਰ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਬੱਚਿਆਂ ਵਲੋਂ ਦਿਖਾਈ ਗਈ ਪ੍ਰਤਿਭਾ ਪਿੱਛੇ ਅਧਿਆਪਕਾਂ ਦੀ ਮਿਹਨਤ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਵੱਡੇ ਯਤਨ ਕਰਕੇ ਇਨ੍ਹਾਂ ਬੱਚਿਆਂ ਨੂੰ ਇਸ ਕਾਬਲ ਬਣਾਇਆ ਕਿ ਉਹ ਛੋਟੀ ਉਮਰੇ ਹੀ ਆਪਣੀ ਮਿਹਨਤ ਦਾ ਲੋਹਾ ਮਨਵਾਉਣ ਲਈ ਯਤਨਸ਼ੀਲ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਹਰਦੇਵ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਵਲੋਂ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਰਿਹਾ ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਖੇਡਾਂ, ਵਿੱਦਿਅਕ, ਸਮਾਜਕ ਅਤੇ ਧਾਰਮਿਕ ਗਤੀਵਿਧੀਆਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ | ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਦੇ ਦਿੱਤੇ ਗਏ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ |