ਮੁਕੇਰੀਆਂ, 22 ਅਪ੍ਰੈਲ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਨੇ ਧਰਤੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਿਸ ਵਿਚ ਅਕਾਦਮਿਕ ਤੇ ਗਤੀਵਿਧੀਆਂ ਸ਼ਾਮਿਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ | ਵਿਦਿਆਰਥੀਆਂ ਨੇ ਧਰਤੀ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਧਰਤੀ ਸੰਭਾਲ ਨਾਲ ਸਬੰਧਿਤ ਸ਼ਬਦ, ਵਿਚਾਰ ਅਤੇ ਭਾਸ਼ਣ ਪੇਸ਼ ਕੀਤੇ | ਇਸ ਤੋਂ ਬਾਅਦ ਵੱਖ-ਵੱਖ ਕਲਾਸਾਂ ਵਿਚ ਧਰਤੀ ਦਿਵਸ ਨਾਲ ਸਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਵਿਚ ਪੋਸਟਰ ਬਣਾਉਣਾ, ਸਲੋਗਨ ਲਿਖਣਾ, ਲੇਖ ਲਿਖਣਾ, ਕਵਿਤਾ ਲਿਖਣਾ, ਪੇਂਟਿੰਗ ਅਤੇ 'ਇਕ ਪੌਦਾ ਲਗਾਓ' ਸ਼ਾਮਿਲ ਸਨ | ਵਿਦਿਆਰਥੀਆਂ ਨੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਨੇ ਜਾਗਰੂਕਤਾ ਪੈਦਾ ਕਰਨ ਲਈ ਇਕ ਰੈਲੀ ਦਾ ਵੀ ਆਯੋਜਨ ਕੀਤਾ, ਜਿੱਥੇ ਵਿਦਿਆਰਥੀਆਂ ਨੇ 'ਧਰਤੀ ਬਚਾਓ,' 'ਰੁੱਖ ਲਗਾਓ' ਅਤੇ 'ਪ੍ਰਦੂਸ਼ਣ ਖ਼ਤਮ ਕਰੋ' ਵਰਗੇ ਸੰਦੇਸ਼ ਫੈਲਾਏ | ਇਸ ਦੌਰਾਨ, ਸਕੂਲ ਦੀ ਪਿ੍ੰਸੀਪਲ ਮਧੂ ਡੋਗਰਾ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਆਪਣੀ ਧਰਤੀ ਦੀ ਰੱਖਿਆ ਲਈ ਛੋਟੇ ਕਦਮ ਚੁੱਕਣੇ ਚਾਹੀਦੇ ਹਨ, ਬੱਚਿਆਂ ਨੂੰ ਰੁੱਖ ਲਗਾਉਣ, ਪਾਣੀ ਬਚਾਉਣ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |