ਹੁਸ਼ਿਆਰਪੁਰ, 22 ਅਪ੍ਰੈਲ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਿਖੇ ਸਕੂਲ ਦੀ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਨਰਸਰੀ ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਲਈ ਅੱਖਰ ਆਰੰਭ ਦਿਵਸ ਉਤਸ਼ਾਹ ਅਤੇ ਰੰਗ-ਬਰੰਗੇ ਮਾਹੌਲ 'ਚ ਮਨਾਇਆ ਗਿਆ | ਇਸ ਦੌਰਾਨ ਨੰਨ੍ਹੇ ਵਿਦਿਆਰਥੀਆਂ ਦੀ ਸਿੱਖਿਅਕ ਯਾਤਰਾ ਦਾ ਪਹਿਲਾ ਸੋਹਣਾ ਪੜਾਅ ਬਣਿਆ, ਜਿੱਥੇ ਉਨ੍ਹਾਂ ਨੇ ਆਪਣੇ ਜੀਵਨ ਦੇ ਪਹਿਲੇ ਅੱਖਰਾਂ ਨਾਲ ਜਾਣ-ਪਹਿਚਾਣ ਕੀਤੀ | ਸਕੂਲ ਦਾ ਮਾਹੌਲ ਸਜਾਵਟਾਂ, ਮੁਸਕਾਨਾਂ ਅਤੇ ਨੰਨ੍ਹੇ ਵਿਦਿਆਰਥੀਆਂ ਦੀਆਂ ਖਿੜੀਆਂ ਹੋਈਆਂ ਅੱਖਾਂ ਨਾਲ ਰੌਣਕਮਈ ਹੋ ਗਿਆ | ਅਧਿਆਪਕਾਂ ਨੇ ਬੜੇ ਪਿਆਰ ਅਤੇ ਧੀਰਜ ਨਾਲ ਵਿਦਿਆਰਥੀਆਂ ਨੂੰ ਪਹਿਲੇ ਅੱਖਰ ਲਿਖਵਾਏ ਅਤੇ ਉਨ੍ਹਾਂ ਨੂੰ ਸਿੱਖਣ ਦੇ ਸੁਹਾਵਨੇ ਸਫ਼ਰ ਵੱਲ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਆਪਣੇ ਪ੍ਰੇਰਨਾਦਾਇਕ ਸੰਦੇਸ਼ ਰਾਹੀਂ ਨੰਨ੍ਹੇ ਪਾੜਿ੍ਹਆਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਅਕਸ਼ਰ ਆਰੰਭ ਸਿਰਫ਼ ਲਿਖਣ ਦੀ ਸ਼ੁਰੂਆਤ ਨਹੀਂ, ਸਗੋਂ ਚੰਗੇ ਸੰਸਕਾਰਾਂ ਅਤੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਹੈ | ਇਸ ਦੇ ਨਾਲ ਹੀ ਸਕੂਲ ਦੇ ਪਿ੍ੰਸੀਪਲ ਅਸ਼ਵਨੀ ਕੁਮਾਰ, ਵਾਇਸ ਪਿ੍ੰਸੀਪਲ ਜਗਮੀਤ ਕੌਰ ਅਤੇ ਸਮੂਹ ਕੇ. ਜੀ. ਅਧਿਆਪਕ ਵੀ ਮੌਜੂਦ ਰਹੇ | ਇਸ ਮੌਕੇ ਵਿਦਿਆਰਥੀਆਂ ਵਲੋਂ ਮਾਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ, ਉਪਰੰਤ ਚਾਵਲ ਦੇ ਦਾਣਿਆਂ 'ਤੇ ਪਹਿਲਾ ਪ੍ਰਮਾਤਮਾ ਦਾ ਨਾਂਅ ਲਿਖ ਕੇ ਅਕਸ਼ਰ ਆਰੰਭ ਕੀਤਾ ਗਿਆ | ਬੱਚਿਆਂ ਨੂੰ ਫਲ ਅਤੇ ਮਠਿਆਈਆਂ ਦਿੱਤੀਆਂ ਗਈਆਂ |