ਅੱਡਾ ਸਰਾਂ , 23 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਪਿ੍ਥਪਾਲ ਸਿੰਘ ਗੁਰਾਇਆ ਨੇ ਕਿਸਾਨਾਂ ਨੂੰ ਮਿਲ ਰਹੀ ਘਟੀਆ ਬਿਜਲੀ ਸਪਲਾਈ ਪ੍ਰਤੀ ਰੋਸ ਜਿਤਾਇਆ | ਗੁਰਾਇਆ ਨੇ ਦੱਸਿਆ ਕਿ ਕੰਧਾਲਾ ਜੱਟਾਂ (ਅੱਡਾ ਸਰਾਂ) ਬਿਜਲੀ ਘਰ ਤੋਂ ਚੱਲਣ ਵਾਲੀ ਮੋਟਰਾਂ ਦੀ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ, ਇਕ ਤਾਂ ਕਣਕ ਦੀ ਕਟਾਈ ਕਾਰਨ ਪਹਿਲਾਂ ਹੀ ਕਿਸਾਨਾਂ ਨੂੰ ਬਿਜਲੀ ਪੰਜ ਘੰਟੇ ਮਿਲ ਰਹੀ ਹੈ ਤੇ ਦੂਜੇ ਪਾਸੇ ਸਵੇਰੇ ਸਾਢੇ ਤਿੰਨ ਵਜੇ ਜਦੋਂ ਲਾਈਟ ਚਲਦੀ ਹੈ | ਬਿਨਾਂ ਕਿਸੇ ਹਨੇਰੀ ਤੇ ਝੱਖੜ ਬਿਜਲੀ ਸਪਲਾਈ ਬੰਦ ਕੀਤੀ ਜਾਂਦੀ ਹੈ ਅਤੇ ਸੰਦੇਸ਼ ਗਰੁੱਪਾਂ 'ਚ ਪਾਇਆ ਜਾਂਦਾ ਕਿ ਕੱਟ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ ਜਾਂ ਫਿਰ ਲਿਖ ਦਿੱਤਾ ਜਾਂਦਾ ਹੈ ਕਿ ਫੀਡਰ ਫਾਲਟ ਹੈ | ਉਨ੍ਹਾਂ ਦੱਸਿਆ ਕਿ ਜਦੋਂ ਵੀ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਕੋਲ ਮੁਲਾਜ਼ਮ ਨਹੀਂ ਹਨ | ਉਨ੍ਹਾਂ ਕੰਧਾਲਾ ਜੱਟਾਂ ਬਿਜਲੀ ਘਰ ਦੇ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਨੂੰ ਵਧੀਆ ਤਰੀਕੇ ਦੇ ਨਾਲ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ |