ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸੀਵਰੇਜ ਟਰੀਟਮੈਂਟ ਪਲਾਂਟ ਪਿੱਪਲਾਂਵਾਲਾ, ਹੁਸ਼ਿਆਰਪੁਰ 'ਚ 30 ਐੱਮ. ਐੱਲ. ਡੀ. ਸੋਧੇ ਪਾਣੀ ਨੂੰ ਜ਼ਮੀਨਦੋਜ਼ ਨਾਲਿਆਂ ਰਾਹੀਂ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਮਹੱਤਵਪੂਰਨ ਪ੍ਰੋਜੈਕਟ ਦਾ ਉਦਘਾਟਨ ਕੀਤਾ | ਭੂਮੀ ਸੁਰੱਖਿਆ ਵਿਭਾਗ ਵਲੋਂ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪ੍ਰਚੂਰ ਪਾਣੀ ਉਪਲਬਧ ਹੋਵੇਗਾ ਅਤੇ ਕੁਦਰਤੀ ਜਲ ਸਰੋਤਾਂ 'ਤੇ ਨਿਰਭਰਤਾ ਘਟੇਗੀ | ਇਸ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੋਵੇਗੀ ਸਗੋਂ ਕਿਸਾਨ ਉੱਚ ਕਿਸਮ ਦੀ ਖੇਤੀ ਕਰਨ ਦੇ ਯੋਗ ਵੀ ਬਣਨਗੇ | ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਪਿੱਪਲਾਂਵਾਲਾ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧ ਹੋ ਕੇ ਨਿਕਲਣ ਵਾਲਾ ਪਾਣੀ ਹੁਣ ਇਲਾਕੇ ਦੇ ਸੱਤ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਉਪਲਬਧ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਯੋਜਨਾ ਅਧੀਨ ਲਗਪਗ 40 ਕਿੱਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ ਸੋਧਿਆ ਪਾਣੀ ਖੇਤਾਂ ਤੱਕ ਪਹੁੰਚਾਇਆ ਜਾਵੇਗਾ | ਉਨ੍ਹਾਂ ਵਿਭਾਗੀ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਕਿਸਾਨਾਂ ਦੀ ਆਰਥਿਕ ਮਜ਼ਬੂਤੀ ਤੇ ਜਲ ਸਰੋਤਾਂ ਦੇ ਬਿਹਤਰ ਪ੍ਰਬੰਧਨ ਵੱਲ ਇੱਕ ਮੀਲ ਪੱਥਰ ਸਾਬਿਤ ਹੋਵੇਗੀ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਜਸਵੰਤ ਰਾਏ, ਸਤੀਸ਼ ਸੈਣੀ, ਰਾਕੇਸ਼ ਸ਼ਰਮਾ, ਤਰਨਜੀਤ ਸਿੰਘ, ਮਨਜੋਤ ਕੌਰ ਤੇ ਸੰਜੇ ਸ਼ਰਮਾ ਆਦਿ ਹਾਜ਼ਰ ਸਨ |
ਵਿਧਾਇਕ ਜਿੰਪਾ ਵਲੋਂ 11 ਕਰੋੜ ਦੀ ਲਾਗਤ ਵਾਲੇ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ
ਅਜੀਤ ਡੈਸਕ
25-04-2026