ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਰਾਜ ਸਭਾ ਮੈਂਬਰ ਰਾਘਵ ਚੱਡਾ ਵਲੋਂ ਆਮ ਆਦਮੀ ਪਾਰਟੀ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਨੇ ਰਾਜਨੀਤਿਕ ਮਾਹੌਲ ਨੂੰ ਗਰਮਾ ਦਿੱਤਾ ਹੈ | ਇਸ ਮਾਮਲੇ 'ਤੇ ਵਿਧਾਨ ਸਭਾ ਹਲਕਾ ਟਾਂਡਾ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਕਦਮ ਨੂੰ 'ਧੋਖੇਬਾਜ਼ੀ' ਵਜੋਂ ਵੇਖ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਰਾਘਵ ਚੱਢਾ ਨੂੰ ਇੱਕ ਆਮ ਵਰਕਰ ਤੋਂ ਉਠਾ ਕੇ ਰਾਜ ਸਭਾ ਤੱਕ ਪਹੁੰਚਾਇਆ, ਉਸੇ ਪਾਰਟੀ ਨੂੰ ਛੱਡਣਾ ਨੈਤਿਕ ਤੌਰ 'ਤੇ ਠੀਕ ਨਹੀਂ | ਉਨ੍ਹਾਂ ਨਾਲ ਛੇ ਹੋਰ ਰਾਜ ਸਭਾ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡਣਾ ਜਿੱਥੇ ਪਾਰਟੀ ਨਾਲ ਵਿਸ਼ਵਾਸ ਘਾਤ ਹੈ ਉੱਥੇ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਹੈ | ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਸਭ ਤੋਂ ਵਿਸ਼ਵਾਸਯੋਗ ਅਤੇ ਵਫ਼ਾਦਾਰ ਨੇਤਾਵਾਂ ਵਿਚੋਂ ਇਕ ਮੰਨੇ ਜਾਂਦੇ ਸਨ, ਇਸ ਕਰਕੇ ਉਨ੍ਹਾਂ ਦਾ ਇਹ ਫ਼ੈਸਲਾ ਹੈਰਾਨ ਕਰਨ ਵਾਲਾ ਹੈ ਅਤੇ ਜੇ ਕੋਈ ਨੇਤਾ ਪਾਰਟੀ ਦੇ ਸਹਾਰੇ ਉੱਚੇ ਅਹੁਦਿਆਂ ਤੱਕ ਪਹੁੰਚਦਾ ਹੈ ਤਾਂ ਉਸ ਨੰੂ ਅਖੀਰ ਤੱਕ ਪਾਰਟੀ ਦੇ ਨਾਲ ਖੜ੍ਹਾ ਰਹਿਣਾ ਚਾਹੀਦਾ ਹੈ | ਉਨ੍ਹਾਂ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕਾਂ ਵਿਚ ਰੋਸ ਦੀ ਲਹਿਰ ਹੈ | ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ ਖ਼ਾਲਸਾ ਕੁਲਵੰਤ ਸਿੰਘ ਮਾਰਸ਼ਲ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ |