ਬੀਣੇਵਾਲ, 27 ਅਪ੍ਰੈਲ (ਬੈਜ ਚੌਧਰੀ)-ਗਰਮੀ ਦਾ ਮੌਸਮ ਸ਼ੁਰੂ ਹੋਣ ਤੇ ਸੀ. ਐੱਚ. ਸੀ. ਹਸਪਤਾਲ (ਝੁੰਗੀਆਂ) ਬੀਣੇਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਿਰਮਲ ਕੁਮਾਰ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ | ਐੱਸ.ਐੱਮ.ਓ. ਨੇ ਕਿਹਾ ਕਿ ਦੁਪਹਿਰ 12 ਵਜੇ ਤੋਂ ਸਾਮ 4 ਵਜੇ ਤੱਕ ਬਿਨਾਂ ਜ਼ਰੂਰਤ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਗਰਮ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਓ ਅਤੇ ਹਲਕੇ ਰੰਗ ਦੇ ਢਿੱਲੇ ਕਪੜੇ ਪਹਿਨੋ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਤੋਂ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਇਹ ਗਰਮੀ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ | ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ 'ਤੇ ਕੱਪੜਾ ਜਾ ਟੋਪੀ ਰੱਖ ਕੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ ਜਾਂ ਛੱਤਰੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |