ਸ਼ਾਮਚੁਰਾਸੀ/ਹੁਸ਼ਿਆਰਪੁਰ, 22 ਮਈ (ਗੁਰਮੀਤ ਸਿੰਘ ਖ਼ਾਨਪੁਰੀ, ਹਰਪ੍ਰੀਤ ਕੌਰ)-ਪਿੰਡ ਕਡਿਆਣਾ ਸੜਕ 'ਤੇ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਨ ਵੈਲੀ ਇੰਟਰਨੈਸ਼ਨਲ ਸਕੂਲ ਚੱਕੋਵਾਲ ਬ੍ਰਾਹਮਣਾ ਵਿਖੇ ਪੇਪਰ ਖ਼ਤਮ ਹੋਣ ਤੋਂ ਬਾਅਦ, ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਵੈਨ ਦੀ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ | ਹਾਦਸੇ 'ਚ ਸਕੂਲ ਵੈਨ ਦੇ ਡਰਾਈਵਰ ਸਮੇਤ ਤਿੰਨ ਬੱਚੇ ਜ਼ਖ਼ਮੀ ਹੋ ਗਏ, ਜਦਕਿ ਬਾਕੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਸਰਕਾਰੀ ਹਸਪਤਾਲ ਸ਼ਾਮਚੁਰਾਸੀ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਤਿੰਨੇ ਬੱਚਿਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ | ਖ਼ਬਰ ਦੀ ਸੂਚਨਾ ਮਿਲਦੇ ਸਾਰ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਡਾਕਟਰਾਂ ਦੀ ਟੀਮ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਮੁੱਢਲੀ ਸਹਾਇਤਾ ਦਿੱਤੀ | ਜਾਣਕਾਰੀ ਅਨੁਸਾਰ ਸਕੂਲ 'ਚ ਪੇਪਰ ਖ਼ਤਮ ਹੋਣ ਉਪਰੰਤ ਬੱਚਿਆਂ ਨੂੰ ਛੁੱਟੀ ਹੋਈ ਸੀ | ਜਿਸ ਤੋਂ ਬਾਅਦ ਸਕੂਲ ਵੈਨ ਨੰਬਰ ਪੀ.ਬੀ.02.ਏ.ਏ-3197 ਜਿਸ ਨੂੰ ਡਰਾਈਵਰ ਕੁਲਵੰਤ ਸਿੰਘ ਵਾਸੀ ਪਿੰਡ ਕਡਿਆਣਾ ਚਲਾ ਰਿਹਾ ਸੀ, ਕਰੀਬ 10 ਬੱਚਿਆਂ ਨੂੰ ਸਵਾਰ ਕਰਕੇ ਸ਼ਾਮਚੁਰਾਸੀ ਵੱਲ ਜਾ ਰਹੀ ਸੀ | ਜਦੋਂ ਬੱਸ ਪਿੰਡ ਕਡਿਆਣਾ ਦੇ ਨਜ਼ਦੀਕ ਪਹੁੰਚੀ ਤਾਂ ਸ਼ਾਮਚੁਰਾਸੀ ਵਲੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੰਬਰ.ਪੀ.ਬੀ.22. ਵਾਈ.-2221 ਵਲੋਂ ਵੈਨ ਦੀ ਜ਼ੋਰਦਾਰ ਸਾਈਡ ਵੱਜਣ ਨਾਲ ਹਾਦਸਾ ਵਾਪਰਿਆ | ਟਿੱਪਰ ਦੇ ਡਰਾਈਵਰ ਦੀ ਪਹਿਚਾਣ ਰਾਜ ਕੁਮਾਰ ਪੁੱਤਰ ਅਯੋਧਿਆ ਪ੍ਰਸਾਦ ਵਾਸੀ ਲੰਮਾ ਪਿੰਡ (ਜਲੰਧਰ) ਵਜੋਂ ਹੋਈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਟਿੱਪਰ ਤੇ ਉਸ ਦੇ ਡਰਾਈਵਰ ਰਾਜ ਕੁਮਾਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ |