ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਆਮ ਆਦਮੀ ਪਾਰਟੀ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਨਿਗਮ ਅਤੇ ਪ੍ਰੀਸ਼ਦਾਂ ਦੀਆਂ ਵੋਟਾਂ ਦੌਰਾਨ ਸਰਕਾਰੀ ਸਕੀਮਾਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਥਾਨਕ ਚੋਣਾਂ 'ਚ ਆਪਣੀ ਹਾਰ ਨੂੰ ਦੇਖਦਿਆਂ ਬੁਰੀ ਤਰ੍ਹਾਂ ਨਾਲ ਬੌਖਲਾਈ ਹੋਈ ਹੈ, ਇਸ ਲਈ ਕੇਜਰੀਵਾਲ ਅਤੇ ਸਿਸੋਦਿਆ ਵਲੋਂ ਦਿੱਤੇ ਬਿਆਨ ਸਾਮ ਦਾਮ, ਦੰਡ ਭੇਦ ਦੇ ਫ਼ਾਰਮੂਲੇ ਨੂੰ ਅਪਣਾ ਕੇ ਕਿਸੇ ਵੀ ਕੀਮਤ 'ਤੇ ਚੋਣਾ ਜਿੱਤ ਕੇ ਆਪਣੀ ਇੱਜ਼ਤ ਬਚਾਉਣਾ ਚਾਹੁੰਦੀ ਹੈ | ਪੂਰੇ ਪੰਜਾਬ 'ਚ ਵੋਟਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਾ ਹੋਇਆ ਹੈ, ਜਿਸਦੇ ਬਾਵਜੂਦ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਸਥਾਨਕ ਵਿਧਾਇਕ ਆਪਣੀ ਰਸੋਈ ਸਕੀਮ ਦੇ ਤਹਿਤ ਵੱਖ-ਵੱਖ ਮੁਹੱਲਿਆਂ 'ਚ ਉੱਥੋਂ ਦੇ ਸੰਭਾਵਿਤ ਉਮੀਦਵਾਰ ਨੂੰ ਨਾਲ ਲੈ ਕੇ ਸਰਕਾਰੀ ਆਟਾ, ਦਾਲ ਵੰਡੀ ਜਾ ਰਹੀ ਹੈ | ਚੋਣ ਕਮਿਸ਼ਨ 'ਤੇ ਨਿਰਪੱਖ ਵੋਟਾਂ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰੰਤੂ ਸਰਕਾਰੀ ਦਬਾਅ ਦੇ ਚੱਲਦਿਆਂ ਉਹ ਕਾਰਵਾਈ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਚੋਣ ਪ੍ਰੀਕਿਆ ਤਹਿਤ ਵੋਟਾਂ ਬਣਾਉਣ ਦਾ ਕੰਮ ਪੂਰਾ ਹੋ ਚੱੁਕਿਆ ਹੈ, ਉਸਦੇ ਬਾਅਦ ਵੋਟਾਂ ਦੇ ਪ੍ਰੋਗਰਾਮ ਦਾ ਐਲਾਨ ਹੋਣਾ ਬਾਕੀ ਹੈ | ਅਜਿਹੇ ਮਾਹੌਲ 'ਚ ਸਥਾਨਕ ਵਿਧਾਇਕ ਵਲੋਂ ਸਰਕਾਰੀ ਸਕੀਮਾਂ ਦਾ ਸਮਾਨ ਵੰਡਣਾ ਸਰਾਸਰ ਗ਼ਲਤ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੀਮਾਂ ਦੇ ਤਹਿਤ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਮੰਗਣ ਤੋਂ ਰੋਕਿਆ ਜਾਵੇ |