ਹੁਸ਼ਿਆਰਪੁਰ, 29 ਮਈ (ਬਲਜਿੰਦਰਪਾਲ ਸਿੰਘ)-ਅੱਜ ਐਲਾਨੇ ਗਏ ਨਗਰ ਕੌਂਸਲਾਂ ਦੇ ਨਤੀਜਿਆਂ 'ਚ ਜਿਥੇ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ 'ਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ, ਉਥੇ ਹੀ ਕਾਂਗਰਸ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ | ਭਾਜਪਾ ਨੇ ਨਗਰ ਕੌਂਸਲ ਮੁਕੇਰੀਆਂ 'ਚ ਸਭ ਤੋਂ ਵੱਧ ਸੀਟਾਂ ਹਾਸਿਲ ਕਰਕੇ ਨਗਰ ਕੌਂਸਲ 'ਚ ਆਪਣੀ ਥਾਂ ਪੱਕੀ ਕਰਨ ਦਾ ਹੀਲਾ ਕੀਤਾ, ਪਰ ਕਾਂਗਰਸ ਵਲੋਂ ਵੀ ਮਜ਼ਬੂਤ ਚੁਣੌਤੀ ਪੇਸ਼ ਕੀਤੀ ਗਈ | ਸਿਰਫ਼ ਇਕ ਸੀਟ ਦੇ ਅੰਤਰ ਨਾਲ ਪਿਛੜੀ ਕਾਂਗਰਸ, 1 ਆਜ਼ਾਦ ਤੇ 1 'ਆਪ' ਦੇ ਕੌਂਸਲਰਾਂ ਦੀ ਮਦਦ ਨਾਲ ਪਹਿਲੇ ਨੰਬਰ 'ਤੇ ਰਹੀ ਭਾਜਪਾ ਤੋਂ ਅੱਗੇ ਲੰਘਣ ਦੀ ਜੁਗਤ ਭੜਾ ਸਕਦੀ ਹੈ | ਬਾਕੀ ਲਗਪਗ ਸਾਰੀਆਂ ਹੀ ਨਗਰ ਕੌਂਸਲਾਂ 'ਚ ਜਿਥੇ 'ਆਪ' ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਹੈ, ਉੱਥੇ ਕਾਂਗਰਸ ਵੀ ਆਪਣੀ ਮੌਜੂਦਗੀ ਦਰਸਾਉਂਦਿਆਂ ਦੂਜਾ ਸਥਾਨ ਹਾਸਿਲ ਕਰਨ 'ਚ ਸਫਲ ਰਹੀ ਹੈ | ਭਾਜਪਾ ਸਿਵਾਏ ਹਰਿਆਣਾ ਦੀ ਇਕ ਸੀਟ ਦੇ ਬਾਕੀ ਕਿਧਰੇ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਤੇ ਸ਼ੋ੍ਰਮਣੀ ਅਕਾਲੀ ਦਲ ਲਈ ਇਹ ਚੋਣਾਂ ਦੇ ਨਤੀਜੇ ਹੋਰ ਵੀ ਝਟਕਾ ਦੇਣ ਵਾਲੇ ਰਹੇ, ਕਿਉਂਕਿ ਇਨ੍ਹਾਂ ਚੋਣਾਂ 'ਚ ਕਿਸੇ ਵੀ ਨਗਰ ਕੌਂਸਲ 'ਚ ਅਕਾਲੀ ਦਲ ਆਪਣਾ ਖਾਤਾ ਵੀ ਖੋਲ੍ਹਣ 'ਚ ਨਾਕਾਮ ਰਿਹਾ, ਜਿਸ ਨੂੰ ਲੈ ਕੇ ਪਾਰਟੀ ਸਫ਼ਾਂ 'ਚ ਨਿਰਾਸ਼ਾ ਦ ਆਲਮ ਪਾਇਆ ਜਾ ਰਿਹਾ ਹੈ | ਜਿੱਥੇ 6 'ਚੋਂ 5 ਕੌਂਸਲਾਂ 'ਚ 'ਆਪ' ਦੀ ਮਜ਼ਬੂਤ ਸਥਿਤੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਉਥੇ ਭਾਜਪਾ ਲਈ ਇਕ ਤੋਂ ਛੁੱਟ ਬਾਕੀ ਸਾਰੀਆਂ ਹੀ ਕੌਂਸਲਾਂ 'ਚ ਹਾਸਿਲ ਹੋਏ ਨਤੀਜੇ 2027 'ਚ ਪੰਜਾਬ 'ਚ ਭਾਜਪਾ ਸਰਕਾਰ ਬਣਾਉਣ ਦੇ ਮਨਸੂਬਿਆਂ ਨੂੰ ਢਾਹ ਲਗਾਉਂਦੇ ਹੀ ਨਜ਼ਰ ਆਉਂਦੇ ਹਨ | ਆਮ ਤੌਰ 'ਤੇ ਭਾਜਪਾ ਸ਼ਹਿਰੀ ਵੋਟਰਾਂ ਦੀ ਮੰਨੀ ਜਾਣ ਵਾਲੀ ਪਾਰਟੀ ਲਈ ਇਹ ਨਤੀਜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਜ਼ੋਰਦਾਰ ਝਟਕਾ ਹਨ | ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਦੇ ਚੋਣ ਨਤੀਜਿਆਂ 'ਚ 'ਆਪ' ਦੇ 46, ਕਾਂਗਰਸ ਦੇ 20, ਭਾਜਪਾ ਦੇ 8 ਤੇ 6 ਆਜ਼ਾਦ ਕੌਂਸਲਰ ਜੇਤੂ ਰਹੇ | ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਹੁਸ਼ਿਆਰਪੁਰ ਤੇ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਹੋਣ ਵਾਲੀਆਂ ਚੋਣਾਂ 'ਚ ਲੋਕ ਕਿਸ ਪਾਰਟੀ ਦੇ ਹੱਕ 'ਚ ਭੁਗਤਦੇ ਹਨ |
'ਆਪ' ਦਾ ਦਬਦਬਾ ਕਾਇਮ, ਸ਼ੋ੍ਰਮਣੀ ਅਕਾਲੀ ਦਲ ਦਾ ਸੂਪੜਾ ਸਾਫ਼
ਅਜੀਤ ਡੈਸਕ
30-05-2026