ਹੁਸ਼ਿਆਰਪੁਰ, 31 ਮਈ (ਨਰਿੰਦਰ ਸਿੰਘ ਬੱਡਲਾ)-ਕਾਂਗਰਸ ਕਮੇਟੀ ਚੱਬੇਵਾਲ ਵਲੋਂ ਹਲਕਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਦੀ ਅਗਵਾਈ ਹੇਠ ਅੱਡਾ ਚੱਬੇਵਾਲ ਵਿਖੇ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਬਿੱਟੂ ਵਲੋਂ ਦਿੱਤੇ ਜਾਤੀਵਾਦੀ ਬਿਆਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਰਵਨੀਤ ਬਿੱਟੂ ਵਲੋਂ ਅਨੁਸੂਚਿਤ ਜਾਤੀ ਸਮਾਜ ਬਾਰੇ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਉਸ ਦੀ ਸੌੜੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ | ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸ਼ਹਿ 'ਤੇ ਸਤਿਕਾਰਤ ਗੁਰੂਆਂ ਦੇ ਸਾਂਝੀਵਾਲਤਾ, ਧਰਮ ਨਿਰਪੱਖ ਤੇ ਮਾਨਵਤਾਵਾਦੀ ਸੰਦੇਸ਼ ਮੁਤਾਬਿਕ ਵੱਸਦੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਾਜਨੀਤਿਕ ਲਾਹਾ ਲੈਣ ਦੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਨਾਲਾਇਕੀ ਕਰਕੇ ਪੰਜਾਬੀ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਤੇ ਮਾੜੀ ਕਾਨੂੰਨ ਵਿਵਸਥਾ ਤੋਂ ਪ੍ਰੇਸ਼ਾਨ ਹਨ | ਇਸ ਦੌਰਾਨ ਭਾਜਪਾ ਸਰਕਾਰ 'ਚ ਮੰਤਰੀ ਬਣ ਫਿੱਟੇ ਰਵਨੀਤ ਬਿੱਟੂ ਦਾ ਇਹ ਜਾਤੀਵਾਦੀ ਬਿਆਨ ਅੱਗ 'ਚ ਤੇਲ ਪਾਉਣ ਵਰਗਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਰਵਨੀਤ ਬਿੱਟੂ ਨੂੰ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਪੰਜਾਬ ਸਰਕਾਰ ਇਸ ਜਾਤੀਵਾਦੀ ਦੇ ਖ਼ਿਲਾਫ਼ ਦੰਗਾ ਭੜਕਾਉਣ ਅਤੇ ਐੱਸ. ਸੀ./ ਐੱਸ. ਟੀ. ਕਾਨੂੰਨ ਦੇ ਤਹਿਤ ਪਰਚਾ ਦਰਜ ਕਰ ਸਖ਼ਤ ਕਾਰਵਾਈ ਕਰੇ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਬਲਵਿੰਦਰ ਬਿੱਟੂ, ਭੁਪਿੰਦਰ ਸਿੰਘ ਦਿਹਾਣਾ, ਜਗਜੀਤ ਸਿੰਘ ਗਿੱਲ ਪੰਡਿਤ ਭੋਲਾਨਾਥ, ਅਰੁਣ ਖੋਸਲਾ, ਥਾਮਸ ਮਸੀਹ, ਜੈ ਗਣੇਸ਼, ਹਰਜੀਤ ਹਾਰਤਾ, ਬਰਕਤ ਮਸੀਹ, ਹਰਦੀਪ ਅੱਤੋਵਾਲ, ਹਰਭਜਨ ਸੂਣਾ, ਸੁਖਦੇਵ ਸਿੰਘ, ਛਿੰਦਰ ਪਾਲ, ਹਰੀ ਕਿ੍ਸ਼ਨ, ਸੰਦੀਪ ਤਾਜੇਵਾਲ, ਨਰਿੰਦਰ ਟੋਨੀ ਤੇ ਵੰਸ਼ ਬੰਗਾ ਆਦਿ ਨੇ ਵੀਂ ਆਪਣੀ ਹਾਜ਼ਰ ਲਗਵਾਈ |