ਗੜ੍ਹਸ਼ੰਕਰ, 15 ਜੂਨ (ਧਾਲੀਵਾਲ)-ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਵਿਖੇ ਜੇਠ-ਹਾੜ ਦੀ ਸੰਗਰਾਂਦ ਮੌਕੇ ਮਨਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਸੰਗਤਾਂ ਦਾ ਸੈਲਾਬ ਉਮੜਿਆ | ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਦੌਰਾਨ ਢਾਡੀ ਜਥਿਆਂ ਨੇ ਸੰਗਤਾਂ 'ਚ ਜੋਸ਼ ਭਰਿਆ | ਇਸ ਮੌਕੇ ਢਾਡੀ ਕਸ਼ਮੀਰ ਸਿੰਘ ਕਾਦਰ ਪ੍ਰਧਾਨ ਢਾਡੀ ਸਭਾ ਪੰਜਾਬ ਦੇ ਜਥੇ, ਭਾਈ ਜਸਦੀਪ ਸਿੰਘ ਨਾਗਰਾ ਦੇ ਜਥੇ ਤੇ ਗਿਆਨੀ ਰਾਜਵਿੰਦਰ ਸਿੰਘ ਗੁੱਲਪੁਰ ਦੇ ਜਥੇ ਨੇ ਜੋਸ਼ੀਆਂ ਵਾਰਾਂ ਗਾ ਕੇ ਹਾਜ਼ਰੀ ਲਵਾਈ | ਸਮਾਗਮ ਦੌਰਾਨ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਗੁਰਦੁਆਰਾ ਬਾਬਾ ਗੰਗ ਦਾਸ ਤੇ ਝਿੜੀ ਸਾਹਿਬ ਦੇ ਅਸਥਾਨ 'ਤੇ ਹਾਜ਼ਰ ਲਵਾਈ | ਸਾਲਾਨਾ ਜੋੜ ਮੇਲੇ ਦੌਰਾਨ ਵਰਲਡ ਕੈਂਸਰ ਕੇਅਰ ਯੂ. ਕੇ. ਵਲੋਂ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ 2 ਦਿਨਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਂਪ ਦੌਰਾਨ ਕੈਂਸਰ, ਅੱਖਾਂ, ਦੰਦਾਂ ਤੇ ਹੋਰ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈ | ਇਸ ਮੌਕੇ ਮਰੀਜ਼ਾਂ ਦੇ ਮੁਫ਼ਤ ਬਲੱਡ ਟੈੱਸਟ ਕੀਤੇ ਗਏ ਅਤੇ ਮੁਫ਼ਤ ਐਨਕਾਂ ਦਿੱਤੀਆਂ ਗਈਆਂ | ਜੋੜ ਮੇਲੇ ਦੌਰਾਨ ਠੰਢੇ ਮਿੱਠੇ ਜਲ ਦੀਆਂ ਵੱਖ-ਵੱਖ ਥਾਈਾ ਛਬੀਲਾਂ ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਸੰਗਤਾਂ ਲਈ ਈ-ਰਿਕਸ਼ਾ ਤੇ ਫ਼੍ਰੀ ਟੈਕਸੀ ਦੀ ਸੇਵਾ ਕੀਤੀ ਗਈ | ਜੋੜ ਮੇਲੇ ਦੌਰਾਨ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਾਬਾ ਜੀਵਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇਦਾਰ ਜੋਗਾ ਸਿੰਘ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ, ਗੁਰਪਾਲ ਸਿੰਘ ਰੋੜ ਮਜਾਰਾ, ਨੰਬਰਦਾਰ ਜੋਗਾ ਸਿੰਘ, ਚਰਨਜੀਤ ਸਿੰਘ ਚੱਕ ਫੁੱਲੂ, ਰੇਸ਼ਮ ਸਿੰਘ ਚੱਕ ਫੁੱਲੂ, ਅਵਤਾਰ ਸਿੰਘ ਸੁਧਾ ਮਾਜਰਾ, ਬਲਜੀਤ ਸਿੰਘ ਜੇ. ਈ., ਜਗਤਾਰ ਸਿੰਘ ਨੰਗਲਾਂ, ਸੋਹਣ ਸਿੰਘ ਨੰਗਲਾਂ, ਹਿੰਮਤ ਸਿੰਘ, ਜਗਦੇਵ ਸਿੰਘ ਗੜ੍ਹੀ ਮਾਨਸੋਵਾਲ, ਤਰਲੋਕ ਸਿੰਘ ਨਾਗਪਾਲ, ਜਰਨੈਲ ਸਿੰਘ ਗੜ੍ਹੀ ਮਾਨਸੋਵਾਲ ਤੇ ਹੋਰ ਹਾਜ਼ਰ ਹੋਏ |