ਹੁਸ਼ਿਆਰਪੁਰ, 25 ਜੂਨ (ਨਰਿੰਦਰ ਸਿੰਘ ਬੱਡਲਾ)-ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐਸ.ਆਈ.ਆਰ.) ਦਾ ਕੰਮ ਅੱਜ ਸ਼ੁਰੂ ਹੋ ਗਿਆ, ਜਿਸ ਤਹਿਤ ਪਹਿਲੇ ਦਿਨ ਬੂਥ ਲੈਵਲ ਅਫ਼ਸਰਾਂ (ਬੀ. ਐਲ. ਓਜ਼) ਨੇ ਘਰ-ਘਰ ਜਾ ਕੇ 1,01,733 ਗਣਨਾ ਫਾਰਮ ਵੰਡੇ। ਇਸ ਸੰਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਪ੍ਰਕਿਰਿਆ ਜ਼ਿਲ੍ਹੇ ਦੇ ਸਾਰੇ ਸੱਤ ਵਿਧਾਨ ਸਭਾ ਹਲਕਿਆਂ ਵਿਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੁੱਲ 1,563 ਬੀ. ਐਲ. ਓ. 12,68,648 ਵੋਟਰਾਂ ਤੱਕ ਪਹੁੰਚ ਕਰਨਗੇ। ਉਨ੍ਹਾਂ ਦੱਸਿਆ ਕਿ ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਬੀ. ਐਲ. ਓ. ਵੋਟਰਾਂ ਨੂੰ ਗਣਨਾ ਫਾਰਮ ਵੰਡਣ ਦਾ ਕੰਮ ਕਰ ਰਹੇ ਹਨ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਇਸ ਦੌਰਾਨ ਬੀ. ਐਲ. ਓ. ਦੇ ਨਾਲ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਵੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਬੀ. ਐਲ. ਓ. ਲਗਪਗ 812 ਵੋਟਰਾਂ ਨੂੰ ਕਵਰ ਕਰੇਗਾ ਅਤੇ ਪਹਿਲੇ ਦਿਨ ਘਰ-ਘਰ ਜਾ ਕੇ 1,01,733 ਫਾਰਮਾਂ ਦੀ ਵੰਡ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰੇਕ ਬੀ. ਐਲ. ਓ. ਹਰ ਘਰ ਵਿਚ ਵੱਧ ਤੋਂ ਵੱਧ ਤਿੰਨ ਵਾਰ ਜਾਵੇਗਾ ਜੇਕਰ ਕੋਈ ਘਰ ਬੰਦ ਮਿਲਦਾ ਹੈ ਤਾਂ ਗਣਨਾ ਫਾਰਮ ਘਰ ਦੇ ਦਰਵਾਜ਼ੇ ‘ਤੇ ਰੱਖਿਆ ਜਾਵੇਗਾ। ਹਰੇਕ ਵੋਟਰ ਨੂੰ ਪਹਿਲਾਂ ਤੋਂ ਛਪੇ ਹੋਏ ਫਾਰਮਾਂ ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ। ਵਿਧਾਨ ਸਭਾ ਹਲਕਾ-ਵਾਰ ਫਾਰਮਾਂ ਦੀ ਵੰਡ ਬਾਰੇ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ ਨੇ ਦੱਸਿਆ ਕਿ 39-ਮੁਕੇਰੀਆਂ ਹਲਕੇ ਵਿਚ 9,938 ਫਾਰਮ, 40-ਦਸੂਹਾ ਵਿਚ 16,564 ਫਾਰਮ ਅਤੇ 41-ਉੜਮੁੜ ਵਿਚ 30,636 ਫਾਰਮ ਵੰਡੇ ਗਏ। ਇਸੇ ਤਰ੍ਹਾਂ 42-ਸ਼ਾਮਚੁਰਾਸੀ ਵਿਚ 12,059 ਫਾਰਮ, 43-ਹੁਸ਼ਿਆਰਪੁਰ ਵਿਚ 5,485 ਫਾਰਮ ਅਤੇ 44-ਚੱਬੇਵਾਲ ਵਿਚ 4,992 ਫਾਰਮ ਵੰਡੇ ਗਏ ਜਦਕਿ 45-ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿਚ 22,059 ਫਾਰਮ ਵੰਡੇ ਗਏ। ਜ਼ਿਕਰਯੋਗ ਹੈ ਕਿ ਘਰ-ਘਰ ਜਾ ਕੇ ਗਣਨਾ ਕਰਨ ਦਾ ਇਹ ਅਭਿਆਨ 24 ਜੁਲਾਈ ਤੱਕ ਜਾਰੀ ਰਹੇਗਾ, ਜਦਕਿ ਪੋਲਿੰਗ ਸਟੇਸ਼ਨਾਂ ਦੇ ਤਰਕਸੰਗਤੀਕਰਨ ਦਾ ਕੰਮ ਵੀ 24 ਜੁਲਾਈ ਤੱਕ ਮੁਕੰਮਲ ਕੀਤਾ ਜਾਵੇਗਾ। ਵੋਟਰ ਸੂਚੀਆਂ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸੰਬੰਧੀ ਦਾਅਵੇ ਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਣਗੇ, ਜਦਕਿ ਇਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀਆਂ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
7 ਵਿਧਾਨ ਸਭਾ ਹਲਕਿਆਂ ਦੇ 12,68,648 ਵੋਟਰਾਂ ਲਈ 1,563 ਬੀ. ਐਲ. ਓਜ਼ ਲਗਾਏ-ਆਸ਼ਿਕਾ ਜੈਨ
ਅਜੀਤ ਡੈਸਕ
26-06-2026