ਗੜ੍ਹਸ਼ੰਕਰ, 26 ਜੂਨ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਥੇ ਹੁਣ ਤੱਕ ਕਈ ਦਰਜ਼ਨ ਦੁਕਾਨਾਂ ਚੋਰਾਂ ਦੇ ਨਿਸ਼ਾਨੇ ‘ਤੇ ਆ ਚੁੱਕੀਆਂ ਹਨ। ਚੋਰਾਂ ਵਲੋਂ ਕਦੇ ਮੈਡੀਕਲ ਸਟੋਰਾਂ ਦੇ ਸ਼ਟਰ ਤੋੜ ਕੇ ਨਕਦੀ ਚੋਰੀ ਕੀਤੀ ਜਾਂਦੀ ਹੈ ਤੇ ਕਦੇ ਏ. ਸੀ. ਦੇ ਤਾਂਬੇ ਦੇ ਪਾਈਪ ਉਤਾਰ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸ਼ਹਿਰ ਵਿਚ ਤਾਜ਼ਾ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਪੁਰਖੋਵਾਲ ਹਲਕਾ ਇੰਚਾਰਜ ਕਾਂਗਰਸ ਸੇਵਾ ਦਲ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਚੋਰ ਬੇਖੌਫ਼ ਘੁੰਮ ਰਹੇ ਹਨ। ਜਸਵੀਰ ਸਿੰਘ ਪੁਰਖੋਵਾਲ ਨੇ ਨੰਗਲ ਰੋਡ ‘ਤੇ ਏ. ਸੀ. ਦੀਆਂ ਪਾਈਪਾਂ ਕੱਟਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਚੋਰਾਂ ਨੇ ਕਿਸੇ ਵੀ ਦੁਕਾਨ ਨੂੰ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਚੋਰ ਹਰ ਰਾਤ ਸ਼ਟਰ ਤੋੜ ਰਹੇ ਹਨ ਪਰ ਸ਼ਹਿਰ ਵਿਚ ਕਾਨੂੰਨ ਦਾ ਸ਼ਟਰ ਕਦੋਂ ਖੁੱਲ੍ਹੇਗਾ ਇਹ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਂਸਲੇ ਇਸ ਗੱਲ ਦਾ ਪ੍ਰਮਾਣ ਹਨ ਕਿ ਚੋਰਾਂ ਨੂੰ ਕਾਨੂੰਨ ਦਾ ਬਿਲਕੁੱਲ ਵੀ ਡਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਗਸ਼ਤ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਈ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਪਾਰੀ ਤੇ ਦੁਕਾਨਦਾਰ ਕੋਈ ਵਿਸ਼ੇਸ਼ ਸਹੂਲਤ ਨਹੀਂ ਸਗੋਂ ਆਪਣੀ ਜਾਨ ਮਾਲ ਦੀ ਸੁਰੱਖਿਆ ਮੰਗ ਰਹੇ ਹਨ ਤਾਂ ਜੋ ਉਹ ਬਿਨ੍ਹਾਂ ਡਰ ਅਤੇ ਰੁਕਾਵਟ ਦੇ ਆਪਣਾ ਕਾਰੋਬਾਰ ਕਰ ਸਕਣ। ਉਨ੍ਹਾਂ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਰਾਤ ਸਮੇਂ ਪੁਲਿਸ ਗਸ਼ਤ ਵਧਾਏ।