ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ,ਹਰਪ੍ਰੀਤ ਕੌਰ)-ਪੰਜਾਬ ‘ਚ ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੀਫ਼ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਨਜੀਤ ਸਿੰਘ ਰਾਏ, ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ ਆਦਿ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਰੋਜ਼ਾਨਾ ਘੱਟੋ-ਘੱਟ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਤਾਂ ਜੋ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਘਰੇਲੂ ਖਪਤਕਾਰਾਂ ਨੂੰ ਵੀ 24 ਘੰਟੇ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਖ਼ਰਾਬ ਅਤੇ ਡੈਮੇਜ ਟਰਾਂਸਫ਼ਾਰਮਰਾਂ ਦੀ ਤੁਰੰਤ ਬਦਲੀ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਖੇਤੀ ਮੋਟਰਾਂ ਅਤੇ 24 ਘੰਟੇ ਵਾਲੀ ਸਪਲਾਈ ਨਾਲ ਸਬੰਧਿਤ ਖ਼ਰਾਬ ਟਰਾਂਸਫ਼ਾਰਮਰਾਂ ਨੂੰ 24 ਘੰਟਿਆਂ ਦੇ ਅੰਦਰ ਬਦਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਰਾਂਸਫ਼ਾਰਮਰਾਂ ਨੂੰ ਲਿਜਾਣ ਅਤੇ ਲਿਆਉਣ ਦਾ ਪੂਰਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇ ਅਤੇ ਇਸ ਦਾ ਬੋਝ ਲੋਕਾਂ ‘ਤੇ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਟਰਾਂਸਫ਼ਾਰਮਰ ਚੋਰੀ ਹੋਣ ਦੀ ਸੂਰਤ ‘ਚ ਬਿਜਲੀ ਵਿਭਾਗ ਆਪਣੇ ਸਰਕੁਲਰ ਅਨੁਸਾਰ ਐਫ.ਆਈ.ਆਰ. ਜਾਂ ਰਿਪੋਰਟ ਖ਼ੁਦ ਦਰਜ ਕਰਵਾਏ ਅਤੇ ਇਹ ਜ਼ਿੰਮੇਵਾਰੀ ਵੀ ਆਮ ਲੋਕਾਂ ‘ਤੇ ਨਾ ਪਾਈ ਜਾਵੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਲੱਖਾ ਥਿਆੜਾ, ਗੁਰਪ੍ਰੀਤ ਸਿੰਘ ਸ਼ਾਮਚੁਰਾਸੀ, ਬਿਕਰਮ ਸਿੰਘ ਚੌਹਾਨ, ਜੱਗਾ ਸਿੰਘ, ਭੁਪਿੰਦਰ ਸਿੰਘ ਭੂੰਗਾ, ਹਰਨੇਕ ਸਿੰਘ ਪੰਡੋਰੀ ਬੀਬੀ, ਸੁਖਵਿੰਦਰ ਸਿੰਘ ਸੋਢੀ ਜੱਲੋਵਾਲ, ਸਤਨਾਮ ਸਿੰਘ ਮੁੱਖਲਿਆਣਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਰਮਜੀਤ ਸਿੰਘ ਭੁੱਲਾ, ਦਵਿੰਦਰ ਸਿੰਘ, ਕਿਸਾਨ ਕਮੇਟੀ ਲਾਚੋਵਾਲ ਦੇ ਗੁਰਦੀਪ ਸਿੰਘ ਖੁਣ-ਖੁਣ, ਪਰਮਿੰਦਰ ਸਿੰਘ ਲਾਚੋਵਾਲ ਆਦਿ ਸਮੇਤ ਕਿਸਾਨ ਹਾਜ਼ਰ ਸਨ।
ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਮੁੱਦਿਆਂ ਨੂੰ ਲੈ ਕੇ ਚੀਫ਼ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਧਰਨਾ
ਅਜੀਤ ਡੈਸਕ
01-07-2026