ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪਿਛਲੇ 12 ਸਾਲਾਂ ’ਚ 23 ਕੌਮੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ, ਭਾਵ ਕਿ ਹਰ ਸਾਲ ਦੇਸ਼ ’ਚ ਲਗਪਗ 90 ਤੋਂ ਵੱਧ ਪੇਪਰ ਲੀਕ ਹੋਏ, ਇਸ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੇ ਮਾਮਲੇ ਬੇਹੱਦ ਘੱਟ ਹਨ। ‘ਨੀਟ-2026’ ਦੀ ਪ੍ਰੀਖਿਆ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰ ਦਾ ਲੀਕ ਹੋ ਜਾਣਾ ਅਤੇ ਇਸ ਦੀਆਂ ਕਾਪੀਆਂ ਨੂੰ 5 ਹਜ਼ਾਰ ਰੁਪਏ ਤੋਂ 30 ਹਜ਼ਾਰ ਰੁਪਏ ਤੱਕ ਦੇ ਮੁੱਲ ’ਤੇ ਵੇਚਿਆ ਜਾਣਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਇੱਥੋਂ ਤੱਕ ਕਿ ਇਹ ਵੀ ਪਤਾ ਲੱਗਾ ਹੈ ਕਿ ਰਾਜਸਥਾਨ ’ਚ ਇਸ ਦੀ ਕੀਮਤ 30 ਲੱਖ ਰੁਪਏ ਤੱਕ ਵੀ ਦੱਸੀ ਜਾ ਰਹੀ ਹੈ। ਇਹ ਪ੍ਰਗਟਾਵਾ ਇੱਥੇ ਵਿਧਾਇਕ ਪ੍ਰਗਟ ਸਿੰਘ ਨੇ ‘ਨੀਟ ਸਕੈਮ ਤੇ ਪੇਪਰ ਲੀਕ ਮਾਮਲੇ’ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਵਿਸ਼ੇ ’ਤੇ ਕੇਂਦਰੀਕਰਨ ਕਰ ਰਹੀ ਹੈ ਅਤੇ ‘ਨੀਟ’ ਦੀ ਪ੍ਰੀਖਿਆ ਲਈ ਵੀ ਜਿਸ ਏਜੰਸੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਸਿੱਧੇ ਤੌਰ ’ਤੇ ਸਿੱਖਿਆ ਵਿਭਾਗ ਦੇ ਅਧਿਕਾਰ ਖੇਤਰ ’ਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਗੱਲ ਤਾਂ ਇਹ ਕਿ ਸਿੱਖਿਆ ਦੇ ਸਿਸਟਮ ਨੂੰ ਆਰ.ਐਸ.ਐਸ. ਕੰਟਰੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਦੇ ਸਿੱਖਿਆ ਮੰਤਰੀ ਪੇਪਰ ਲੀਕ ਮਾਮਲੇ ਨੂੰ ਲੈ ਕੇ ਇਹ ਕਹਿ ਰਹੇ ਹਨ ਕਿ ਇਸ ’ਚ ਉਨ੍ਹਾਂ ਦੇ ਵਿਭਾਗ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਸਕੈਮ ਤੋਂ ਬਾਅਦ ਤਾਂ ਇਖ਼ਲਾਕੀ ਤੌਰ ‘ਤੇ ਕੇਂਦਰੀ ਸਿੱਖਿਆ ਮੰਤਰੀ ਦਾ ਫ਼ਰਜ਼ ਬਣਦਾ ਸੀ ਕਿ ਉਹ ਅਸਤੀਫ਼ਾ ਦੇ ਦਿੰਦੇ, ਪ੍ਰੰਤੂ ਹੈਰਾਨੀ ਦੀ ਗੱਲ ਇਹ ਕਿ ਨਾ ਤਾਂ ਮੰਤਰੀ ਵਲੋਂ ਅਸਤੀਫ਼ਾ ਦਿੱਤਾ ਗਿਆ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਸਿੱਖਿਆ ਮੰਤਰੀ ਦੀ ਪਿੱਠ ਥਪਥਪਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਨੀਟ’ ਦਾ ਪੇਪਰ ਲੀਕ ਹੋਣ ਦੇ ਵਿਰੋਧ ‘ਚ 9 ਅਗਸਤ ਨੂੰ ਕਾਂਗਰਸ ਪਾਰਟੀ ਵਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਦੀ ਨਾਕਾਮੀ ਖ਼ਿਲਾਫ਼ ਇਕ ਵਿਸ਼ਾਲ ਇਕੱਠ ਕੀਤਾ ਜਾਵੇਗਾ, ਜਿਸ ‘ਚ ਨੌਜਵਾਨ ਦੇ ਹਿਤੈਸ਼ੀ ਸਾਰੇ ਵਰਗਾਂ ਨੂੰ ਸਰਕਾਰ ਦਾ ਵਿਰੋਧ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੇਅਦਬੀਆਂ ਸਬੰਧੀ ਬਣਾਏ ਗਏ ਕਾਨੂੰਨ ਸਬੰਧੀ ਤਲਬ ਕੀਤਾ ਗਿਆ ਤਾਂ ਹੈਰਾਨੀ ਦੀ ਗੱਲ ਇਹ ਕਿ ਬਹੁਤੇ ਵਿਧਾਇਕਾਂ ਨੇ ਇਸ ਬਿੱਲ ਨੂੰ ਪੜ੍ਹਿਆ ਤੱਕ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਬਦਲਾਅ ਸੂਬੇ ‘ਚ ਆਉਂਦਾ ਹੈ ਤਾਂ ਇਸ ਬਦਲਾਅ ਦੀ ਲੋੜ ਵੀ ਕੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿੱਲਜੀਆਂ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਹਲਕਾ ਇੰਚਾਰਜ ਚੱਬੇਵਾਲ ਐਡ: ਰਣਜੀਤ ਕੁਮਾਰ, ਯਾਮਿਨੀ ਗੋਮਰ, ਸੀਨੀ: ਆਗੂ ਸਰਵਣ ਸਿੰਘ, ਅਮਰਪਾਲ ਸਿੰਘ ਕਾਕਾ, ਐਡ: ਰੋਹਿਤ ਜੋਸ਼ੀ, ਰਜਨੀਸ਼ ਟੰਡਨ, ਬਲਵਿੰਦਰ ਸਿੰਘ ਬਿੱਟੂ, ਨਵੀ ਰੈਹਲ ਆਦਿ ਵੀ ਹਾਜ਼ਰ ਸਨ।
‘ਨੀਟ’ ਦਾ ਪੇਪਰ ਲੀਕ ਹੋਣਾ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੀ ਨਾਕਾਮੀ-ਵਿਧਾਇਕ ਪ੍ਰਗਟ ਸਿੰਘ
ਅਜੀਤ ਡੈਸਕ
01-07-2026