ਨਸਰਾਲਾ, 30 ਜੂਨ (ਸਤਵੰਤ ਸਿੰਘ ਥਿਆੜਾ)-ਦੋ ਦਿਨ ਪਹਿਲਾਂ ਐਕਟਿਵਾ ’ਤੇ ਸਵਾਰ ਹੋ ਕੇ ਜਾਣ ਵਾਲੇ ਪਿੰਡ ਤਾਰਾਗੜ੍ਹ ਦੇ ਨੌਜਵਾਨ ਦੀ ਆਦਮਪੁਰ ਦੁਆਬਾ ਨਹਿਰ ’ਚ ਡੁੱਬ ਕੇ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਵਾਲੇ ਦਿਨ 12:30 ਵਜੇ ਦੇ ਕਰੀਬ ਮੋਬਾਈਲ ’ਤੇ ਇੱਕ ਫ਼ੋਨ ਕਾਲ ਆਉਂਦੀ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਇਹ ਨੌਜਵਾਨ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਚਲਾ ਜਾਂਦਾ ਹੈ। ਸਾਰੀ ਰਾਤ ਘਰ ਨਾ ਆਉਣ ’ਤੇ ਪਰਿਵਾਰ ਵਾਲਿਆਂ ਨੇ ਪੁਲਿਸ ਚੌਕੀ ਨਸਰਾਲਾ ਵਿਖੇ ਗੁੰਮਸ਼ੁਦਗੀ ਦੀ ਦਰਖ਼ਾਸਤ ਦੇ ਦਿੱਤੀ। ਤੀਜੇ ਦਿਨ 30 ਜੂਨ ਸਵੇਰੇ 8 ਵਜੇ ਦੇ ਕਰੀਬ ਥਾਣਾ ਮੇਹਟੀਆਣਾ ਦੀ ਪੁਲਿਸ ਵਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਹੁਸ਼ਿਆਰਪੁਰ-ਫ਼ਗਵਾੜਾ ਰੋਡ ਤੋਂ ਆਦਮਪੁਰ ਵੱਲ 2 ਕਿੱਲੋਮੀਟਰ ਦੀ ਦੂਰੀ ਤੇ ਗੁੰਮਸ਼ੁਦਾ ਨੌਜਵਾਨ ਦੀ ਐਕਟਿਵਾ ਮਿਲੀ ਹੈ। ਇਸ ਦੀ ਭਿਣਕ ਪੈਂਦਿਆਂ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਵਾਸੀਆਂ ਨੇ ਨਹਿਰ ਦੇ ਦੁਆਲੇ ਆਪਣੇ ਪੁੱਤ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਿੰਡ ਕਾਲਰਾ ਦੇ ਨਜ਼ਦੀਕ ਇੱਕ ਲਾ-ਵਾਰਸ ਲਾਸ਼ ਮਿਲੀ। ਜਿਸ ਦੀਆਂ ਸਿਰਫ਼ ਲੱਤਾਂ ਹੀ ਪਾਣੀ ਤੋਂ ਬਾਹਰ ਦਿਸਦੀਆਂ ਸੀ, ਪਹਿਚਾਣ ਨਾ ਹੋਣ ਕਰਕੇ ਥਾਣਾ ਆਦਮਪੁਰ ਵਿਖੇ ਸੂਚਿਤ ਕੀਤਾ ਗਿਆ। ਇਸ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਦੀ ਮੌਜੂਦਗੀ ਵਿਚ ਕੱਢੀ ਗਈ ਲਾਸ਼ ਦੀ ਪਹਿਚਾਣ ਮਨਪ੍ਰੀਤ ਮਨੀ (27) ਪੁੱਤਰ ਸਵਾ: ਪਰਮਜੀਤ ਸਿੰਘ ਪਿੰਡ ਤਾਰਾਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ, ਦੋ ਭਰਾ ਵਿਦੇਸ਼ ਵਿਚ ਹੋਣ ਕਰਕੇ ਇਹ ਮਾਂ-ਪੁੱਤ ਦੋਨੋ ਘਰ ਵਿਚ ਇਕੱਲੇ ਹੀ ਰਹਿੰਦੇ ਸੀ। ਮਾਂ ਸਮੇਤ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਮੌਤ ਨੂੰ ਕਤਲ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਚਿਰ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ, ਜਿਨ੍ਹਾਂ ਚਿਰ ਪੁਲਿਸ ਸਾਰਾ ਮਾਮਲਾ ਸਾਹਮਣੇ ਨਹੀਂ ਲੈ ਆਉਂਦੀ। ਜੇਕਰ ਇਨਸਾਫ਼ ਨਾ ਮਿਲਿਆ ਤਾਂ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
2 ਦਿਨ ਪਹਿਲਾਂ ਘਰੋਂ ਗਏ ਨੌਜਵਾਨ ਦੀ ਆਦਮਪੁਰ ਨਹਿਰ ’ਚੋਂ ਭੇਦਭਰੀ ਹਾਲਤ ’ਚ ਮਿਲੀ ਲਾਸ਼
ਅਜੀਤ ਡੈਸਕ
01-07-2026