ਹੁਸ਼ਿਆਰਪੁਰ, 2 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਿਵਿਆਂਗਜਨਾਂ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਅਤੇ ਆਤਮਨਿਰਭਰਤਾ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਆਰਟੀਫ਼ੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਏ.ਐਲ.ਆਈ.ਐਮ.ਸੀ.ਓ.) ਦੇ ਵਿਸ਼ੇਸ਼ ਸਹਿਯੋਗ ਨਾਲ 7 ਜੁਲਾਈ ਨੂੰ ਕਮਿਊਨਿਟੀ ਹਾਲ ਕਮਾਹੀ ਦੇਵੀ ਅਤੇ 8 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ, ਦਸੂਹਾ ਵਿਖੇ ਮੁਫ਼ਤ ਨਕਲੀ ਅੰਗ ਤੇ ਹੋਰ ਸਹਾਇਕ ਉਪਕਰਨ ਵੰਡ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਇਹ ਸੰਸਥਾ ਵੱਲੋਂ ਲਗਾਇਆ ਜਾ ਰਿਹਾ ਪੰਜਵਾਂ ਕੈਂਪ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਦਿਵਿਆਂਗਜਨਾਂ ਦੀ ਸਹਾਇਤਾ ਕਰਨਾ ਹੈ, ਜੋ ਆਰਥਿਕ ਤੰਗੀ ਕਾਰਨ ਲੋੜੀਂਦੇ ਸਹਾਇਕ ਉਪਕਰਨ ਖ਼ਰੀਦਣ ਦੇ ਸਮਰੱਥ ਨਹੀਂ ਹਨ। ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲਾਭਪਾਤਰੀਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਲਾਭਪਾਤਰੀਆਂ ਨੂੰ ਸੁਣਨ ਵਾਲੀ ਮਸ਼ੀਨ (ਹੀਅਰਿੰਗ ਏਡ), ਵੀਲ੍ਹਚੇਅਰ, ਟਰਾਈਸਾਈਕਲ, ਬੈਸਾਖੀਆਂ ਤੇ ਕੈਲੀਪਰ ਮੌਕੇ ‘ਤੇ ਹੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ, ਜਦਕਿ ਨਕਲੀ ਹੱਥ ਤੇ ਪੈਰ ਲਈ ਮਾਪ ਲੈਣ ਤੋਂ ਬਾਅਦ 10 ਤੋਂ 15 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਏ ਜਾਣਗੇ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੇ ਖੇਤਰ ਦੇ ਸਮੂਹ ਨਿਵਾਸੀਆਂ, ਪੰਚਾਇਤ ਨੁਮਾਇੰਦਿਆਂ, ਪੰਚਾਂ-ਸਰਪੰਚਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ 7 ਜੁਲਾਈ ਨੂੰ ਕਮਿਊਨਿਟੀ ਹਾਲ, ਕਮਾਹੀ ਦੇਵੀ ਤੇ 8 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਦਸੂਹਾ ਵਿਖੇ ਲੱਗਣ ਵਾਲੇ ਇਨ੍ਹਾਂ ਕੈਂਪਾਂ ਬਾਰੇ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦ ਦਿਵਿਆਂਗਜਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।