ਮੁਕੇਰੀਆਂ, 5 ਜੁਲਾਈ (ਰਾਮਗੜ੍ਹੀਆ)- ਆਮ ਆਦਮੀ ਪਾਰਟੀ ਦੇ ਹਲਕਾ ਮੁਕੇਰੀਆਂ ਦੇ ਇੰਚਾਰਜ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਰੀ ਰੋਸ ਵਜੋਂ ਅੱਜ ਲਾਓਡ ਪੈਲੇਸ ਮੁਕੇਰੀਆਂ ਵਿਖੇ ਭਾਰੀ ਇਕੱਠ ਕਰਕੇ ਪ੍ਰੋ. ਜੀ. ਐਸ. ਮੁਲਤਾਨੀ ਨੂੰ ਹਲਕਾ ਇੰਚਾਰਜ ਦੇ ਅਹੁਦੇ ’ਤੇ ਬਰਕਰਾਰ ਰੱਖਣ ਦੀ ਵੀ ਅਪੀਲ ਕੀਤੀ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਹਲਕਾ ਮੁਕੇਰੀਆਂ ਅੰਦਰ ਭਾਰੀ ਹਲਚਲ ਉਦੋਂ ਹੋਈ ਜਦੋਂ ਆਮ ਆਦਮੀ ਪਾਰਟੀ ਹਾਈ ਕਮਾਨ ਵਲੋਂ ਹਲਕਾ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋ. ਜੀ. ਐਸ. ਮੁਲਤਾਨੀ ਨੂੰ ਹਟਾ ਕੇ ਕਾਂਗਰਸ ਪਾਰਟੀ ਛੱਡ ਕੇ ਆਏ ਨੇਤਾ ਸਰਬਜੋਤ ਸਿੰਘ ਸਾਬੀ ਨੂੰ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਮੁਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਪ੍ਰੋ. ਜੀ. ਐਸ. ਮੁਲਤਾਨੀ ਦੇ ਹੱਕ ਵਿਚ ਵੱਡੀ ਗਿਣਤੀ ’ਚ ਇਕੱਠ ਹੋ ਸਕਿਆ। ਇਸ ਮੌਕੇ ਸਟੇਜ ਤੋਂ ਬੋਲਦਿਆਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਰਕਰਾਂ ਜਿਨ੍ਹਾਂ ਵਿਚ ਚੇਅਰਮੈਨ ਹਰਜੀਤ ਸਿੰਘ ਸਹੋਤਾ, ਮਾ. ਸੇਵਾ ਸਿੰਘ, ਚੇਅਰਮੈਨ ਜਸਵੀਰ ਸਿੰਘ, ਡਾ. ਜੋਲੀ ਬਲਾਕ ਪ੍ਰਧਾਨ, ਸੁਰਿੰਦਰ ਠਾਕੁਰ ਪੱਪਾ, ਮਲਕੀਤ ਸਿੰਘ ਗੜ੍ਹੀ, ਬੈਨੀ ਰਾਣਾ ਸੰਮਤੀ ਮੈਂਬਰ, ਰਵਿੰਦਰ ਸਿੰਘ ਹੈਪੀ ਬਲਾਕ ਸੰਮਤੀ ਮੈਂਬਰ, ਬਖ਼ਸ਼ੀਸ਼ ਸਿੰਘ, ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਮ ਕੁਮਾਰ ਬਲਾਕ ਪ੍ਰਧਾਨ, ਸਚਿਨ ਬੋਹਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ. ਜੀ. ਐਸ. ਮੁਲਤਾਨੀ ਨੇ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਨਾਲ ਹਲਕਾ ਮੁਕੇਰੀਆਂ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਪਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਾਈ ਕਮਾਨ ਵਲੋਂ ਪ੍ਰੋ. ਜੀ.ਐਸ. ਮੁਲਤਾਨੀ ਨੂੰ ਹਲਕਾ ਇੰਚਾਰਜ ਹਟਾ ਕੇ ਕਾਂਗਰਸ ਪਾਰਟੀ ਛੱਡ ਕੇ ਆਏ ਸ. ਸਰਬਜੋਤ ਸਿੰਘ ਸਾਬੀ ਨੂੰ ਅਚਾਨਕ ਹਲਕਾ ਮੁਕੇਰੀਆਂ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਤਾਂ ਬਹੁਤ ਵੱਡਾ ਧੱਕਾ ਲੱਗਾ। ਉਨ੍ਹਾਂ ਕਿਹਾ ਕਿ ਅਸੀਂ ਹਲਕਾ ਮੁਕੇਰੀਆਂ ਦੇ ਸਾਰੇ ਵਰਕਰ ਪ੍ਰੋ. ਜੀ. ਐਸ. ਮੁਲਤਾਨੀ ਦੇ ਹੱਕ ’ਚ ਡਟ ਕੇ ਖੜੇ ਹਾਂ ਕਿਉਂਕਿ ਉਨ੍ਹਾਂ ਨੇ ਦਿਨ ਰਾਤ ਇਸ ਪਾਰਟੀ ’ਚ ਕੰਮ ਕਰਕੇ ਲੋਕਾਂ ਦੇ ਮੰਨਾਂ ’ਚ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਪਾਰਟੀ ਹਾਈਕਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਪ੍ਰੋ. ਜੀ. ਐਸ. ਮੁਲਤਾਨੀ ਨਾਲ ਇਨਸਾਫ਼ ਕੀਤਾ ਜਾਵੇ। ਇਸ ਮੌਕੇ ਹਰਵਿੰਦਰ ਚਿੱਬ, ਅਮਿਤ ਕੁਮਾਰ, ਰਾਜੀਵ ਰਾਣਾ ਟਰੇਡ ਵਿੰਗ ਪ੍ਰਧਾਨ, ਜੋਨਸਨ, ਅਨਨਿਆ ਸਰੀਨ ਆਦਿ ਹਾਜ਼ਰ ਸਨ।