ਝੰਡੀ ਦਿਖਾ ਕੇ ਹਲਕੇ ਚੱਬੇਵਾਲ ਦੇ ਪਿੰਡਾਂ ਲਈ ਵੈਨ ਕੀਤੀ ਰਵਾਨਾ
ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸੂਬੇ ਦੇ ਪਿੰਡਾਂ ਵਿਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਡਾਕੂਮੈਂਟਰੀ ਦਿਖਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਰਵਾਨਾ ਕੀਤੀਆਂ ਵੈਨਾਂ ਜ਼ਿਲ੍ਹੇ ਵਿਚ ਪਹੁੰਚਣ ‘ਤੇ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡਾਂ ਲਈ ਵੈਨ ਨੂੰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਵੈਨ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵੱਖ-ਵੱਖ ਧਾਰਮਿਕ ਸਮਾਗਮ ਉਲੀਕੇ ਜਾ ਰਹੇ ਹਨ ਤਾਂ ਜੋ ਗੁਰੂ ਜੀ ਦੀ ਜੀਵਨੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਵੈਨ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਹਰੇਕ ਪਿੰਡ ਵਿਚ ਜਾ ਕੇ ਗੁਰੂ ਜੀ ਦੇ ਜੀਵਨ ‘ਤੇ ਆਧਾਰਤ ਡਾਕੂਮੈਂਟਰੀ ਦਿਖਾਏਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀਆਂ ਨੂੰ ਸਾਡੇ ਮਹਾਨ ਗੁਰੂਆਂ, ਰਹਿਬਰਾਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਸਮਾਜ ਵਿਚ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸਭਨਾਂ ਦੀ ਭਲਾਈ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵੀ ਲਗਾਤਾਰ ਜਾਰੀ ਹੈ ਜਿਸ ਤਹਿਤ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਰੋਜ਼ਾਨਾ ਤੀਰਥ ਯਾਤਰਾ ਵਾਲੀਆਂ ਬੱਸਾਂ ਸੈਂਕੜੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਹੀਆਂ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਸੁਮਿਤ ਮੁਧ ਆਦਿ ਵੀ ਮੌਜੂਦ ਸਨ।
ਪਿੰਡ-ਪਿੰਡ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਜਾਵੇਗੀ - ਡਾ. ਇਸ਼ਾਂਕ ਕੁਮਾਰ
ਅਜੀਤ ਡੈਸਕ
08-07-2026