ਮਾਹਿਲਪੁਰ, 7 ਜੁਲਾਈ (ਰਜਿੰਦਰ ਸਿੰਘ)-ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਨੇ ਅਹਿਮਦਾਬਾਦ ’ਚ ਆਯੋਜਿਤ ਸੀ.ਆਈ.ਐੱਸ.ਸੀ.ਈ.ਨੈਸ਼ਨਲ ਪ੍ਰੀ-ਸੁਬਰੋਟੋ ਅੰਡਰ-17 ਲੜਕੀਆਂ ਦੇ ਫੁੱਟਬਾਲ ਜਿੱਤਿਆ ਕੇ ਨਾ ਸਿਰਫ਼ ਸਕੂਲ ਸਗੋਂ ਪੂਰੇ ਮਾਹਿਲਪੁਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਸਕੂਲ ਦੇ ਪ੍ਰਿੰ.ਸ਼ਿੱਬੂ ਮੈਥਿਊ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਭਾਰਤ ਦੀਆਂ ਕਈ ਨਾਮਵਰ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸਕੂਲ ਨੇ ਕਰਨਾਟਕਾ ਨੂੰ 4-0, ਤਾਮਿਲਨਾਡੂ ਨੂੰ 6-0 ਅਤੇ ਉੱਤਰ ਪੱਛਮੀ ਖੇਤਰ ਨੂੰ 11-0 ਨਾਲ ਹਰਾ ਕੇ ਜਿੱਤਿਆ ਤੇ ਪੱਛਮੀ ਬੰਗਾਲ ਨੂੰ 13-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਏ। ਫਾਈਨਲ ਮੁਕਾਬਲੇ ਵਿਚ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀ ਟੀਮ ਨੇ ਬੈਂਗਲੂਰੂ ਦੀ ਟੀਮ ਨੂੰ 1-0 ਨਾਲ ਹਰਾ ਕੇ ਪ੍ਰੀ-ਸੁਬਰੋਟੋ ਕੱਪ ਆਪਣੇ ਨਾਮ ਕੀਤਾ। ਵਰਨਣਯੋਗ ਹੈ ਕਿ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ, ਮਾਹਿਲਪੁਰ ਦੀ ਅੰਡਰ-17 ਲੜਕੀਆਂ ਦੀ ਫੁੱਟਬਾਲ ਟੀਮ ਨੇ ਲਗਾਤਾਰ ਤੀਜੀ ਵਾਰ ਪ੍ਰੀ-ਸੁਬਰੋਟੋ ਕੱਪ ਜਿੱਤ ਕੇ ਨਵੀ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਡਾ.ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਵੀਰਇੰਦਰ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਗਿੱਲ, ਸੁਰਿੰਦਰ ਪਾਲ, ਗੁਰਦਿਆਲ ਸਿੰਘ ਖਾਬੜਾ , ਪਿ੍ਰੰ. ਡਾ.ਪਰਮਿੰਦਰ ਸਿੰਘ, ਡਾ.ਰੋਹਤਾਸ਼ ( ਪ੍ਰਿੰਸੀਪਲ ਬੀ.ਐਡ ਕਾਲਜ) ਅਤੇ ਵਾਈਸ ਪ੍ਰਿੰ ਵਿਸ਼ਾਲ ਸਿੰਘ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਖਿਡਾਰੀਆ ਤੇ ਕੋਚ ਸੰਦੀਪ ਕੁਮਾਰ, ਸੰਦੀਪ ਸਿੰਘ, ਜਸਕਰਨ ਸਿੰਘ ਅਤੇ ਪ੍ਰਵੀਨ ਕੁਮਾਰੀ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਫੁੱਟਬਾਲ ਦੀ ਨਰਸਰੀ ਵਜੋਂ ਮਸ਼ਹੂਰ ਮਾਹਿਲਪੁਰ ਦਾ ਨਾਮ ਦੇਸ਼ ਭਰ ਵਿਚ ਹੋਰ ਵੀ ਰੌਸ਼ਨ ਹੋਇਆ ਹੈ।
ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਨੇ ਸੀ.ਆਈ.ਐੱਸ. ਸੀ.ਈ. ਨੈਸ਼ਨਲ ਪ੍ਰੀ ਸੁਪਰੋਟੋ ਕੱਪ ਤੀਸਰੀ ਵਾਰ ਜਿੱਤਿਆ
ਅਜੀਤ ਡੈਸਕ
08-07-2026