ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਥੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਈਲ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵੱਧ ਤੋਂ ਵੱਧ ਪਾਸਾਰ ਲਈ ਸਮਾਗਮਾਂ ਦੀ ਲੜੀ ਵਾਸਤੇ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤਾਂ ਜੋ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਡਾਕੂਮੈਂਟਰੀ ਵੈਨ ਨੂੰ ਹਲਕਾ ਸ਼ਾਮਚੁਰਾਸੀ ਦੇ ਸ਼ੁਰੂਆਤੀ ਪਿੰਡਾਂ ਨੰਦਾਚੌਰ ਅਤੇ ਕੁੰਟ ਲਈ ਰਵਾਨਾ ਕਰਨ ਸਮੇਂ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਵੈਨਾਂ ਰਾਹੀਂ ਗੁਰੂ ਜੀ ਦੇ ਬਰਾਬਰੀ, ਸਮਾਜਿਕ, ਨਿਆਂ ਅਤੇ ਸਾਂਝੀਵਾਲਤਾ ਦੇ ਸਦੀਵੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਐਲ.ਈ.ਡੀ. ਵੈਨਾਂ ਪੰਜਾਬ ਦੇ ਲਗਭਗ ਸਾਰੇ 13 ਹਜ਼ਾਰ ਪਿੰਡਾਂ ਵਿਚ ਗੁਰੂ ਜੀ ਦੇ ਜੀਵਨ, ਫ਼ਲਸਫ਼ੇ ਅਤੇ ਸਿੱਖਿਆਵਾਂ ‘ਤੇ ਆਧਾਰਤ 30 ਮਿੰਟ ਦੀ ਡਾਕੂਮੈਂਟਰੀ ਦਿਖਾਉਣਗੀਆਂ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਇਹ ਵੈਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦਾ ਹਿੱਸਾ ਹੈ ਤਾਂ ਜੋ ਗੁਰੂ ਜੀ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿਚ ਫੈਲਾਇਆ ਜਾ ਸਕੇ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਆਦਿ ਮੌਜੂਦ ਸਨ।
ਡਾ. ਰਵਜੋਤ ਨੇ ਜਿੰਪਾ ਦੀ ਮੌਜੂਦਗੀ ’ਚ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਮੋਬਾਈਲ ਵੈਨ ਨੂੰ ਕੀਤਾ ਰਵਾਨਾ
ਅਜੀਤ ਡੈਸਕ
08-07-2026