22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੌਮੀ ਇਨਸਾਫ਼ ਮੋਰਚੇ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ‘ਗੁਰੂ ਨਗਰੀ’ ’ਚ ਮਿਲਿਆ ‘ਭਰਵਾਂ ਹੁੰਗਾਰਾ’

ਅੰਮ੍ਰਿਤਸਰ, 21 ਅਗਸਤ (ਜਸਵੰਤ ਸਿੰਘ ਜੱਸ)- ਕੌਮੀ ਇਨਸਾਫ਼ ਮੋਰਚੇ ਦੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਵਿਚ ਵੀ ਭਰਵਾਂ ਸਮਰਥਨ ਮਿਲਿਆ ਅਤੇ ਸ਼੍ਰੋਮਣੀ ਕਮੇਟੀ ਦੇ ਦਫਤਰ, ਵੱਖ-ਵੱਖ ਵਿੱਦਿਅਕ ਅਦਾਰੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖ਼ਾਲਸਾ ਯੂਨੀਵਰਸਿਟੀ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜ਼ਾਰ ਸਮੇਤ ਵੱਖ-ਵੱਖ ਬਾਜ਼ਾਰ ਤੇ ਕਾਰੋਬਾਰ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇ। ਬੰਦ ਦੌਰਾਨ ਸ਼ਹਿਰ ਦੇ ਬੱਸ ਸਟੈਂਡ ਵਿਖੇ ਵੀ ਬੱਸਾਂ ਦਾ ਪਹੀਆ ਵੀ ਜਾਮ ਰਿਹਾ।

Ad Position 21
No active advertisement
ਅਜੀਤ ਡੈਸਕ 23-08-2026
ਅੰਮ੍ਰਿਤਸਰ, 21 ਅਗਸਤ (ਜਸਵੰਤ ਸਿੰਘ ਜੱਸ)- ਕੌਮੀ ਇਨਸਾਫ਼ ਮੋਰਚੇ ਦੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਵਿਚ ਵੀ ਭਰਵਾਂ ਸਮਰਥਨ ਮਿਲਿਆ ਅਤੇ ਸ਼੍ਰੋਮਣੀ ਕਮੇਟੀ ਦੇ ਦਫਤਰ, ਵੱਖ-ਵੱਖ ਵਿੱਦਿਅਕ ਅਦਾਰੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖ਼ਾਲਸਾ ਯੂਨੀਵਰਸਿਟੀ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜ਼ਾਰ ਸਮੇਤ ਵੱਖ-ਵੱਖ ਬਾਜ਼ਾਰ ਤੇ ਕਾਰੋਬਾਰ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇ। ਬੰਦ ਦੌਰਾਨ ਸ਼ਹਿਰ ਦੇ ਬੱਸ ਸਟੈਂਡ ਵਿਖੇ ਵੀ ਬੱਸਾਂ ਦਾ ਪਹੀਆ ਵੀ ਜਾਮ ਰਿਹਾ। ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਅਕਾਲੀ ਦਲ ਵਾਰਿਸ ਪੰਜਾਬ ਦੇ, ਅਕਾਲੀ ਦਲ ਪੁਨਰ ਸੁਰਜੀਤ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ (ਭਾਰਤ) ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਨਾਲ ਸੰਬੰਧਿਤ ਪੰਥਕ ਆਗੂਆਂ ਅਤੇ ਕਿਸਾਨਾਂ ਵਲੋਂ ਸ਼ਹਿਰ ਦੇ ਹਾਲ ਗੇਟ, ਹਾਲ ਬਾਜਾਰ ਅਤੇ ਭੰਡਾਰੀ ਪੁਲ ਵਿਖੇ ਰੋਸ ਮਾਰਚ ਕੱਢਿਆ ਗਿਆ ਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਜੇਲ੍ਹ ’ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਮੈਡੀਕਲ ਸਟੋਰ ਤੇ ਹਸਪਤਾਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਅੰਮ੍ਰਿਤਸਰ ਪੂਰਨ ਤੌਰ ’ਤੇ ਬੰਦ ਰਿਹਾ ਤੇ ਗਹਿਮਾ ਗਹਿਮੀ ਵਾਲੇ ਬਾਜ਼ਾਰਾਂ ਤੇ ਸੜਕਾਂ ’ਤੇ ਬਾਅਦ ਦੁਪਹਿਰ ਤੱਕ ਬੇਰੌਣਕੀ ਛਾਈ ਰਹੀ । ਹਰ ਧਰਮ ਨਾਲ ਸੰਬੰਧਿਤ ਸ਼ਹਿਰ ਵਾਸੀਆਂ ਨੇ ਬੰਦ ਨੂੰ ਪੂਰਨ ਸਹਿਯੋਗ ਦਿੱਤਾ। ਇਸ ਦੌਰਾਨ ਭੰਡਾਰੀ ਪੁਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਭਾਈ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਹਵਾਰਾ ਦੀ ਪੈਰੋਲ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਵਲੋਂ ਦਿੱਤੇ ਸਮਰਥਨ ਕਾਰਨ ਪੰਜਾਬ ਬੰਦ ਪੂਰਨ ਰੂਪ ਵਿਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਧਰਮ ਦੇ ਬੰਧਨਾਂ ਤੋਂ ਮੁਕਤ ਤੇ ਖੌਫ਼ ਰਹਿਤ ਮਾਹੌਲ ਵਿਚ ਪੰਜਾਬੀਆਂ ਨੇ ਸਦਭਾਵਨਾ ਦਾ ਪ੍ਰਗਟਾਵਾ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਮੋਹਰ ਲਗਾ ਕੇ ਕੇਂਦਰ ਦੀ ਭਾਜਪਾ ਤੇ ਪੰਜਾਬ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਹੋਰ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਹਵਾਰਾ ਕਮੇਟੀ ਤੋਂ ਇਲਾਵਾ ਵੱਖ-ਵੱਖ ਸਿੱਖ ਅਤੇ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫ਼ਲ ਬਨਾਉਣ ਲਈ ਪੂਰਾ ਸਹਿਯੋਗ ਦਿੱਤਾ ਹੈ। ਪ੍ਰੋ: ਬਲਜਿੰਦਰ ਸਿੰਘ ਅਤੇ ਦਿੱਲੀ ਸਿੱਖ ਗੁ: ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ, ਭਾਈ ਹਵਾਰਾ ਨੂੰ ਆਪਣੀ ਬਿਰਧ ਤੇ ਬੀਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਮਿਲਣੀ ਚਾਹੀਦੀ ਹੈ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਪ੍ਰੋ: ਬਲਜਿੰਦਰ ਸਿੰਘ ਨੇ ਕਿਹਾ ਕਿ ਬੰਦੀ ਸਿੰਘ ਸਾਡੇ ਹੀਰੋ ਹਨ ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਤਾਮਿਲਨਾਡੂ ਦੀ ਤਰਜ਼ ’ਤੇ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਵੇ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਕੰਨ੍ਹ ਖੋਲ੍ਹਣ ਵਾਸਤੇ ਹੀ ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜੋ ਸਫ਼ਲ ਰਿਹਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਆਗੂ ਤੇ ਵਰਕਰ ਵੀ ਸ਼ਮਸ਼ੇਰ ਸਿੰਘ ਪੱਧਰੀ, ਅਮਨਦੀਪ ਸਿੰਘ ਡੱਡੂਆਣਾ ਤੇ ਸੁਖਬੀਰ ਸਿੰਘ ਚੀਮਾ ਦੀ ਅਗਵਾਈ ਵਿਚ ਬੰਦ ਨੂੰ ਸਫ਼ਲ ਬਨਾਉਣ ਲਈ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਪੁੱਜੇ ਤੇ ਸ਼ਹਿਰ ਦੇ ਦੁਕਾਨਦਾਰਾਂ, ਵਪਾਰੀਆਂ ਤੇ ਹੋਰ ਅਦਾਰਿਆਂ ਨੂੰ ਸ਼ਾਂਤੀਪੂਰਵਕ ਬੰਦ ਵਿਚ ਸਹਿਯੋਗ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਅੱਜ ਦੇ ਬੰਦ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪ੍ਰਤੀ ਪੰਜਾਬ ਵਾਸੀਆਂ ਦੀ ਗੰਭੀਰਤਾ ਤੇ ਇਕਜੁੱਟਤਾ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਸਹਿਯੋਗ ਦੇਣ ਵਾਲੇ ਸਮੂਹ ਦੁਕਾਨਦਾਰਾਂ, ਵਪਾਰੀਆਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਗੈਰ ਹਾਜ਼ਰੀ ’ਤੇ ਉੱਠੇ ਸਵਾਲ! ਇਸੇ ਦੌਰਾਨ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਭਾਵੇਂ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਦਫ਼ਤਰ ਤੇ ਵਿੱਦਿਅਕ ਅਦਾਰੇ ਬੰਦ ਰੱਖੇ ਗਏ, ਪਰ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੈਂਬਰ ਜਾਂ ਅਧਿਕਾਰੀ ਅੰਮਿ੍ਤਸਰ ਵਿਚ ਬੰਦ ਦੇ ਸਮਰਥਨ ਵਿਚ ਬਾਕੀ ਜਥੇਬੰਦੀਆਂ ਨਾਲ ਸੜਕਾਂ ’ਤੇ ਨਹੀਂ ਦੇਖਿਆ ਗਿਆ। ਇਸੇ ਤਰ੍ਹਾਂ ਪ੍ਰੋ: ਬਲਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਦੇ ਵੀ ਅੰਮ੍ਰਿਤਸਰ ਵਿਚ ਬੰਦ ਦੌਰਾਨ ਗੈਰ-ਹਾਜ਼ਰ ਰਹਿਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੀ ਗੈਰ ਹਾਜ਼ਰੀ ’ਤੇ ਸਵਾਲ ਉਠਾਏ। ਅੱਜ ਅੰਮ੍ਰਿਤਸਰ ਬੰਦ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਹਾਲ ਗੇਟ, ਹਾਲ ਬਾਜਾਰ ਤੇ ਭੰਡਾਰੀ ਪੁਲ ’ਤੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਤੇ ਪੁਲਿਸ ਫੋਰਸ ਵੱਡੀ ਗਿਣਤੀ ਵਿਚ ਸ਼ਹਿਰ ਦੇ ਪ੍ਰਮੁੱਖ ਬਾਜਾਰਾਂ ਵਿਚ ਤਾਇਨਾਤ ਸੀ। ਗੋਲਡਨ ਗੇਟ ਵਿਖੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਸੜਕ ਆਵਾਜਾਈ ਰੋਕਣ ਨੂੰ ਲੈ ਕੇ ਪੁਲਿਸ ਨਾਲ ਹੋਈ ਮਾਮੂਲੀ ਝੜਪ ਨੂੰ ਛੱਡ ਕੇ ਅੰਮ੍ਰਿਤਸਰ ਬੰਦ ਸ਼ਾਂਤੀਪੂਰਵਕ ਸਫ਼ਲ ਰਿਹਾ। ਕਿਸਾਨਾਂ ਵਲੋਂ ਬੰਦ ਨੂੰ ਸਫ਼ਲ ਬਨਾਉਣ ਲਈ ਸ਼ਹਿਰ਀ਵਿਚ ਮੋਟਰ ਸਾਈਕਲ ਮਾਰਚ ਵੀ ਕੱਢਿਆ ਗਿਆ। ਅੱਜ ਬੰਦ ਦੌਰਾਨ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਸਿੱਖ ਆਗੂਆਂ ਵਿਚ ਭਾਈ ਮੋਹਕਮ ਸਿੰਘ, ਜਰਨੈਲ ਸਿੰਘ ਸਖੀਰਾ, ਕਿਸਾਨ ਆਗੂ ਗੁਰਭੇਜ ਸਿੰਘ ਸੋਨੂੰ ਮਾਹਲ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ, ਬੇਅੰਤ ਸਿੰਘ ਖਿਆਲਾ, ਰਘਬੀਰ ਸਿੰਘ ਭੁੱਚਰ, ਸਤਜੋਤ ਸਿੰਘ ਮੂਧਲ, ਪ੍ਰਣਾਮ ਸਿੰਘ ਜਹਾਂਗੀਰ, ਮਨਜੀਤ ਸਿੰਘ ਵੇਰਕਾ, ਸੁਖਦੇਵ ਸਿੰਘ ਵੇਰਕਾ, ਬਲਦੇਵ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ, ਜਸਬੀਰ ਸਿੰਘ ਮੰਗਾ, ਮਹਿੰਦਰ ਸਿੰਘ, ਜੋਗਿੰਦਰ ਸਿੰਘ ਕੈਰੋਂ, ਮਿਲਖਾ ਸਿੰਘ, ਰੁਪਿੰਦਰ ਸਿੰਘ, ਗੁਰਜੰਟ ਸਿੰਘ ਚਿੰਟੂ, ਰਾਜ ਸਿੰਘ ਨੰਬਰਦਾਰ, ਰਾਜਪਾਲ ਸਿੰਘ ਸੁਲਤਾਨਵਿੰਡ, ਨਰਿੰਦਰ ਸਿੰਘ ਗਿੱਲ, ਸਕੱਤਰ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਲਖਬੀਰ ਸਿੰਘ ਰਾਜਾ, ਦਲਜੀਤ ਸਿੰਘ ਲਾਡੀ, ਗੁਰਇਕਬਾਲ ਸਿੰਘ ਭੁੱਲਰ, ਦਲਜੀਤ ਸਿੰਘ ਗਿੱਲ, ਗੁਰਮੀਤ ਸਿੰਘ ਗੋਲਡੀ, ਬਲਵਿੰਦਰ ਸਿੰਘ ਬਿੱਟੂ, ਸੁਖਰਾਜ ਸਿੰਘ ਸੁਲਤਾਨਵਿੰਡ, ਪ੍ਰਿਤਪਾਲ ਸਿੰਘ ਮੀਰਾਂਕੋਟ, ਬਾਬਾ ਰਸਾਲ ਸਿੰਘ, ਦਇਆ ਸਿੰਘ, ਪ੍ਰਗਟ ਸਿੰਘ ਮੀਰਾਂਕੋਟ, ਜਰਮਨਦੀਪ ਸਿੰਘ, ਮਹਿੰਦਰਪਾਲ ਸਿੰਘ ਤੁੰਗ, ਕੁਲਵਿੰਦਰ ਸਿੰਘ ਵਡਾਲੀ, ਅਜੈਬਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਨਵਦੀਪ ਸਿੰਘ, ਬਾਬਾ ਗੁਰਪਾਲ ਸਿੰਘ, ਅਜੇਪਾਲ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ ਤੇ ਪਰਮਜੀਤ ਸਿੰਘ ਜਿੱਜੇਆਣੀ ਸਮੇਤ ਸਿੱਖ ਤੇ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਹੋਰ ਕਈ ਆਗੂ ਹਾਜ਼ਰ ਸਨ। ਬੰਦ ਦਾ ਬੱਸ ਆਵਾਜਾਈ ’ਤੇ ਵੀ ਪਿਆ ਵਿਆਪਕ ਅਸਰ ਅੰਮ੍ਰਿਤਸਰ, (ਰੇਸ਼ਮ ਸਿੰਘ)- ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਬੰਦ ਦਾ ਵਿਆਪਕ ਅਸਰ ਬੱਸਾਂ ਦੀ ਆਵਾਜਾਈ ’ਤੇ ਵੀ ਪਿਆ ਹੈ । ਜਿਥੇ ਨਿੱਜੀ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਿਹਾ ਜਦੋਂ ਕਿ ਸਰਕਾਰੀ ਬੱਸਾਂ ਦੀ ਆਵਾਜਾਈ ਘੱਟ ਵੱਧ ਰਹੀ । ਇਥੇ ਕੇਂਦਰੀ ਬੱਸ ਅੱਡੇ ਵਿਖੇ ਯਾਤਰੂਆਂ ਦੀ ਹਾਜ਼ਰੀ ਵੀ ਨਾਮਾਤਰ ਦੇਖਣ ਨੂੰ ਮਿਲੀ। ਪੰਜਾਬ ਰੋਡਵੇਜ ਕੰਟਰੈਕਟ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਰੋਡਵੇਜ, ਪਨਬੱਸ ਬੱਸਾਂ ਦੇ ਚੰਡੀਗੜ੍ਹ, ਹਿਮਾਚਲ ਪਾਊਂਟਾ ਸਾਹਿਬ ਤੇ ਦਿੱਲੀ ਆਦਿ ਜਾਣ ਵਾਲੇ ਰੂਟ ਪ੍ਰਭਾਵਿਤ ਹੋਏ ਹਨ। ਧਰਨਕਾਰੀਆਂ ਵਲੋਂ ਰਾਸਤੇ ਰੋਕ ਕੇ ਲਾਏ ਧਰਨੇ ਕਾਰਨ ਸਰਕਾਰੀ ਬੱਸਾਂ ਵੀ ਜਾਮ ’ਚ ਫਸੀਆਂ ਰਹੀਆਂ। ਜਦੋਂ ਕਿ ਨਿੱਜੀ ਬੱਸਾ ਦਿੱਤੇ ਸਮੇਂ ਤੱਕ ਪੂਰੀ ਤਰ੍ਹਾਂ ਬੰਦ ਰਹੀਆਂ । ਇਸ ਬੰਦ ਸੰਬੰਧੀ ਪਹਿਲਾਂ ਤੋਂ ਹੀ ਲੋਕਾ ਨੂੰ ਪਤਾ ਹੋਣ ਕਾਰਨ ਬੱਸ ਅੱਡਿਆ ਤੇ ਬੇਰੌਣਕੀ ਛਾਈ ਰਹੀ ਤੇ ਪੂਰੀ ਤਰ੍ਹਾਂ ਬੰਦ ਵਰਗੇ ਹਾਲਾਤ ਬਣੇ ਰਹੇ। ਜੋ ਥੋੜੇ ਬਹੁਤੇ ਲੋਕ ਬਾਹਰ ਜਾਣ ਲਈ ਬੱਸ ਅੱਡੇ ਵਿਖੇ ਪੁੱਜੇ ਸਨ ਉਹ ਵੀ ਬੱਸਾਂ ਬੰਦ ਹੋਣ ਕਾਰਨ ਘਰਾਂ ਨੂੰ ਪਰਤ ਗਏ । ਇਥੇ ਬੱਸ ਅੱਡੇ ਵਿਖੇ ਅੱਜ ਯਾਤਰੂਆਂ ਦਾ ਘੱਟ ਤੇ ਬੱਸਾਂ ਦਾ ਵਧੇਰੇ ਜਮਾਵੜਾ ਲਗਾ ਰਿਹਾ। ਅੰਮ੍ਰਿਤਸਰ ’ਚ ਪੰਜਾਬ ਬੰਦ ਦਾ ਵਪਾਰਕ ਅਦਾਰਿਆਂ ’ਤੇ ਰਿਹਾ ਮਿਲਿਆ ਜੁਲਿਆ ਅਸਰ ਅੰਮ੍ਰਿਤਸਰ, (ਰਾਜੇਸ਼ ਕੁਮਾਰ ਸ਼ਰਮਾ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ ’ਚ ਵਪਾਰਕ ਅਦਾਰਿਆਂ ’ਤੇ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਸ਼ਹਿਰ ਦੇ ਵੱਡੇ ਵਪਾਰਕ ਇਲਾਕਿਆਂ ’ਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਲੇਕਿਨ ਅੰਦਰੂਨੀ ਇਲਾਕਿਆਂ ’ਚ ਕੁਝ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਜਾਣਕਾਰੀ ਮੁਤਾਬਕ ਸ਼ਹਿਰ ਦੇ ਪ੍ਰਮੱਖ ਵਪਾਰਕ ਕੇਂਦਰ ਵਜੋਂ ਮਸ਼ਹੂਰ ਹਾਲ ਬਾਜ਼ਾਰ ’ਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਇਸੇ ਤਰ੍ਹਾਂ ਰਾਮਬਾਗ, ਬੱਸ ਸਟੈਂਡ, ਲਾਰੰਸ ਰੋਡ, ਆਈ. ਡੀ. ਐੱਚ ਮਾਰਕੀਟ, ਗੁਰੂ ਬਾਜ਼ਾਰ, ਕਟੜਾ ਜੈਮਲ ਸਿੰਘ, ਪੁਤਲੀਘਰ ਬਾਜ਼ਾਰ, ਬਟਾਲਾ ਰੋਡ ਆਦਿ ’ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਜਦਕਿ ਸ਼ਹਿਰ ਦੇ ਕੁਝ ਅੰਦਰੂਨੀ ਇਲਾਕਿਆਂ ’ਚ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਪੈਟਰੋਲ ਪੰਪ ਵੀ ਬੰਦ ਪਾਏ ਗਏ, ਜਿਸ ਕਾਰਨ ਵਾਹਨ ਚਾਲਕਾਂ ਨੂੰ ਥੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੰਦ ਦਾ ਅਸਰ ਪ੍ਰਾਈਵੇਟ ਬੈਂਕਾਂ ‘ਤੇ ਵੀ ਦੇਖਣ ਨੂੰ ਮਿਲਿਆ। ਬੰਦ ਦੇ ਸਮੇਂ ਦੌਰਾਨ ਕਈ ਪ੍ਰਾਈਵੇਟ ਬੈਂਕ ਵੀ ਬੰਦ ਰਹੇ ਅਤੇ ਕਈਆਂ ਨੇ ਬੈਂਕ ਦੇ ਸ਼ਟਰ ਅੱਧੇ ਬੰਦ ਕੀਤੇ ਹੋਏ ਸਨ। ਦੂਜੇ ਪਾਸੇ ਰੇਲ ਆਵਾਜਾਈ ਆਮ ਵਾਂਗ ਹੀ ਚੱਲਦੀ ਰਹੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਆਪਣੇ ਸਮੇਂ ਅਨੁਸਾਰ ਮੰਜ਼ਿਲ ਨੂੰ ਰਵਾਨਾ ਹੋਈਆਂ। ਗੋਲਡਨ ਗੇਟ ਜਾਮ, ਪੁਲਿਸ ਨੇ ਕਈ ਕਾਰਕੁਨ ਕੀਤੇ ਗ੍ਰਿਫ਼ਤਾਰ ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ) ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ 21 ਅਗਸਤ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਚਲਦਿਆਂ ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਖ ਜਥੇਬੰਦੀਆਂ ਨਾਲ ਸੰਬੰਧਤ ਕਾਰਕੁਨਾਂ ਵਲੋਂ ਜੀ.ਟੀ. ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ, ਜਿਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਸ ਪ੍ਰਦਰਸ਼ਨ ਵਿਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨਾਲ ਸੰਬੰਧਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਗਗਨਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਮਸ਼ੇਰ ਸਿੰਘ ਬਰਾੜ, ਹਰਮਨਦੀਪ ਸਿੰਘ ਸੁਲਤਾਨਵਿੰਡ, ਰਵੀ ਸ਼ੇਰ ਸਿੰਘ ਤੇ ਅਜੈਬ ਸਿੰਘ ਸਮੇਤ ਹੋਰ ਕਾਰਕੁੰਨ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਤੋਂ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਸੜਕ ‘ਤੇ ਆਵਾਜਾਈ ਬੰਦ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲੇ ਰਸਤਿਆਂ ਦਾ ਸਹਾਰਾ ਲੈਣਾ ਪਿਆ। ਇਸ ਕਾਰਨ ਇਲਾਕੇ ਵਿਚ ਕੁਝ ਸਮੇਂ ਲਈ ਆਵਾਜਾਈ ਦਾ ਮਾਹੌਲ ਪ੍ਰਭਾਵਿਤ ਰਿਹਾ। ਪ੍ਰਦਰਸ਼ਨਕਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੰਬੇ ਸਮੇਂ ਤੋਂ ਸਿੱਖ ਸੰਗਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਗੰਭੀਰਤਾ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ। ਧਰਨੇ ਦੀ ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਮੌਕੇ ‘ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕਰਦਿਆਂ ਧਰਨੇ ਵਿਚ ਸ਼ਾਮਲ ਕਈ ਕਾਰਕੁੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਕਾਰਵਾਈ ਤੋਂ ਬਾਅਦ ਜੀ.ਟੀ. ਰੋਡ ‘ਤੇ ਆਵਾਜਾਈ ਨੂੰ ਮੁੜ ਸੁਚਾਰੂ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਵਲੋਂ ਇਲਾਕੇ ਵਿਚ ਸਥਿਤੀ ‘ਤੇ ਨਜ਼ਰ ਰੱਖੀ ਗਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ। ਪ੍ਰਦਰਸ਼ਨ ਦੌਰਾਨ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਸੀ। ਪੁਲਿਸ ਪ੍ਰਸ਼ਾਸਨ ਵਲੋਂ ਭਾਈ ਰਣਜੀਤ ਸਿੰਘ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਹੋਰ ਪ੍ਰਦਰਸ਼ਨ ਕਰ ਰਹੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਕਿਸੇ ਗੁਪਤ ਜਗ੍ਹਾ ‘ਤੇ ਲੈ ਕੇ ਰਵਾਨਾ ਹੋਈ। ਮਾਨਾਂਵਾਲਾ ਤੇ ਆਸ-ਪਾਸ ਦੇ ਇਲਾਕੇ ’ਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਮਾਨਾਂਵਾਲਾ ਤੇ ਆਸ-ਪਾਸ ਦੇ ਇਲਾਕੇ ਵਿਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਮੌਕੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਪਰ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਅੱਧੀਆਂ ਕੁ ਖੋਲ੍ਹੀਆਂ ਤੇ ਕੁਝ ਦੁਕਾਨਦਾਰ ਦੁਕਾਨਾਂ ਦੇ ਬਾਹਰ ਬੈਠ ਕੇ 2 ਵੱਜਣ ਦੀ ਉਡੀਕ ਕਰਦੇ ਦਿਖਾਈ ਦਿੱਤੇ। ਇਸ ਮੌਕੇ ਮਾਨਾਂਵਾਲਾ ਦੇ ਕੁਝ ਦੁਕਾਨਦਾਰਾਂ ਸਰਬਜੀਤ ਸਿੰਘ ਰਿੰਕੂ, ਨਿਤਿਨ ਕੁਮਾਰ, ਜਗਰੂਪ ਸਿੰਘ, ਪ ੍ਰਿੰਸ, ਸੁੱਖ ਵਡਾਲੀ, ਕਰਨ ਬੁੰਮਰਾਹ ਨੇ ਆਖਿਆ ਕਿ ਹਰ ਉਸ ਜਥੇਬੰਦੀ ਦਾ ਸਤਿਕਾਰ ਕਰਦੇ ਹਨ ਜੋ ਆਪਣੀਆਂ ਮੰਗਾਂ ਲਈ ਬੰਦ ਦਾ ਸੱਦਾ ਦਿੰਦੀਆਂ ਹਨ ਤੇ ਉਹ ਉਨ੍ਹਾਂ ਦਾ ਸਾਥ ਵੀ ਦਿੰਦੇ ਹਨ ਅਤੇ ਆਪਣੀਆਂ ਦੁਕਾਨਾਂ ਬੰਦ ਕਰ ਦਿੰਦੇ ਹਨ ਪਰ ਕਿਰਾਏ ’ਤੇ ਦੁਕਾਨਾਂ ਲੈ ਕੇ ਆਪਣਾ ਕੰਮ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇ ਬੰਦ ਕਾਰਨ ਆਵਾਜਾਈ ਵੀ ਨਾ ਦੇ ਬਰਾਬਰ ਨਜ਼ਰ ਆਈ।
Ad Position 22
No active advertisement
ਪਿਛਲੀ ਖ਼ਬਰ ਕੋਚ ਜੋਗਿੰਦਰ ਸਿੰਘ ਗਿੱਲ ਦੇ ਭੋਗ ਦੀ ਜਗ੍ਹਾ ਤਬਦੀਲ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਅਤੇ ਭਾਈ ਗੁਰਦਾਸ ਜੀ ਨਗਰ ’ਚ ਵਿਆਪਕ ਅਸਰ ਰਿਹਾ
Ad Position 24