ਮਾਰਕਿਟ ਕਮੇਟੀ ਸਿੱਧਵਾਂ ਬੇਟ ਵਿਖੇ ਕਰੀਬ 27 ਲੱਖ ਦੀ ਲਾਗਤ ਨਾਲ ਬਣਨ ਵਾਲੇ ਬਾਥਰੂਮਾਂ ਵਾਲੀ ਜਗ੍ਹਾ ਤੋਂ ਦਰੱਖ਼ਤ ਪੁੱਟਣ ਦਾ ਮਾਮਲਾ ਗਰਮਾਇਆ
ਅਜੀਤ ਡੈਸਕ
06-03-2026
ਸਿੱਧਵਾਂ ਬੇਟ, 5 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਮੁੱਖ ਖ਼ਰੀਦ ਕੇਂਦਰ ਵਿਖੇ ਮਹਿਕਮੇ ਦੇ ਸਿਵਲ ਵਿੰਗ ਵਲੋਂ ਕਰੀਬ 27 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ ਦੋ ਬਾਥਰੂਮਾਂ ਵਾਲੀ ਜਗ੍ਹਾ 'ਤੇ ਖੜ੍ਹੇ ਮਹਿੰਗੇ ਦਰੱਖਤਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਤੋਂ ਜੜ੍ਹੋਂ ਪੁੱਟਣ ਅਤੇ ਫਿਰ ਇਸ ਦੀਆਂ ਜੜ੍ਹਾਂ ਨੂੰ ਖੁਰਦ-ਬੁਰਦ ਕਰਨ ਵਾਲੇ ਸਬੰਧਿਤ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਦਫ਼ਤਰ ਦੇ ਸੈਕਟਰੀ ਵਲੋਂ
ਸਖਤ ਕਾਰਵਾਈ ਲਈ ਪੱਤਰ ਨੰ. 000157-158 ਮਿਤੀ 01-03-2026 ਜਾਰੀ ਕਰਨ ਉਪਰੰਤ ਦਰੱਖਤ ਪੁੱਟਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਅਤੇ ਇਸ ਦੀ ਗਾਜ ਸੰਬੰਧਿਤ ਠੇਕੇਦਾਰ ਦੇ ਨਾਲ-ਨਾਲ ਇਸ ਦੀ ਪਿੱਠ ਥਾਪੜਣ ਵਾਲੇ ਆਗੂਆਂ ਦੇ ਖ਼ਿਲਾਫ਼ ਵੀ ਡਿੱਗ ਸਕਦੀ ਹੈ | ਹੋਰ ਜਾਣਕਾਰੀ ਦਿੰਦੇ ਹੋਏ ਦਫ਼ਤਰ ਦੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨੇ ਦੱਸਿਆ ਕਿ ਭਾਵੇਂ ਦਾਣਾ ਮੰਡੀ ਵਿਚ ਆਪਣੀ ਜਿਣਸ ਵੇਚਣ ਆਉਂਦੇ ਕਿਸਾਨਾਂ ਦੀ ਸਹੂਲਤ ਲਈ ਬਣ ਵਾਲੇ ਬਾਥਰੂਮਾਂ ਜਾਂ ਹੋਰ ਵਿਕਾਸ ਕੰਮਾਂ ਦੀ ਜ਼ਿੰਮੇਵਾਰੀ ਪੰਜਾਬ ਮੰਡੀ ਬੋਰਡ ਦੇ ਸਿਵਲ ਵਿੰਗ ਦੀ ਹੁੰਦੀ ਹੈ ਪਰ ਜਿਸ ਸਮੇਂ ਸਾਨੂੰ ਦਰੱਖਤ ਪੁੱਟੇ ਜਾਣ ਦਾ ਪਤਾ ਲੱਗਾ ਤਾਂ ਮੈਂ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਕਾਰਜਕਾਰੀ ਇੰਜਨੀਅਰ (ਸਿਵਲ) ਪੰਜਾਬ ਮੰਡੀ ਬੋਰਡ ਲੁਧਿਆਣਾ ਨੂੰ ਪੱਤਰ ਜਾਰੀ ਕਰਕੇ ਸੰਬੰਧਿਤ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਅਦਾਲਤ ਵਲੋਂ ਵੀ ਦਰੱਖਤਾਂ ਦੀ ਕਟਾਈ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਹੋਈ ਹੈ | ਦੂਜੇ ਪਾਸੇ ਜਦੋਂ ਇਸ ਸਬੰਧੀ ਐੱਸ.ਡੀ.ਓ. ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਫ਼ਤਰ ਵਲੋਂ ਭੇਜੇ ਪੱਤਰ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਅਸੀਂ ਇਸ ਸਾਰੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾ ਰਹੇ ਹਾਂ ਕਿਉਂਕਿ ਸੰਬੰਧਿਤ ਠੇਕੇਦਾਰ ਨੇ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਮੈਂ ਇਹ ਦਰੱਖਤ ਕੱਟੇ ਹੀ ਨਹੀਂ ਹਨ | ਮੇਰੇ 'ਤੇ ਲੱਗ ਰਹੇ ਦੋਸ਼ ਬੇਬੁਨਿਆਦ ਹਨ, ਪਰ ਫਿਰ ਵੀ ਅਸੀਂ ਸਾਰੇ ਮਾਮਲੇ ਦੀ ਜਾਂਚ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਾਂਗੇ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਠੇਕੇਦਾਰ ਮਾਰਕਿਟ ਕਮੇਟੀ ਦੇ ਚੇਅਰਮੈਨ ਦਾ ਕੋਈ ਨਜ਼ਦੀਕੀ ਹੈ ਤਾਂ ਉਨ੍ਹਾਂ ਆਖਿਆ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਾਥਰੂਮ ਬਣਾਉਣ ਲਈ ਬਕਾਇਦਾ ਟੈਂਡਰ ਹੋਇਆ ਸੀ |