ਜਗਰਾਉਂ, 16 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਬੀ.ਐੱਸ.ਈ. ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਹਰ ਸਾਲ ਦੀ ਤਰ੍ਹਾਂ ਬਲੌਜ਼ਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਬਾਜ਼ੀ ਮਾਰਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਦੱਸਿਆ ਕਿ ਹਰਗੁਨ ਅੰਜਨ ਕੌਰ ਨੇ 98.2 ਫ਼ੀਸਦੀ ਅੰਕ ਲੈ ਕੇ ਪਹਿਲਾ, ਜੰਨਤ ਚਾਵਲਾ ਨੇ 97.6 ਫ਼ੀਸਦੀ ਲੈ ਕੇ ਦੂਸਰਾ ਅਤੇ ਸੰਵੀ ਕੱਕੜ ਨੇ 97.1 ਫ਼ੀਸਦੀ ਅੰਕ ਲੈ ਕੇ ਜਮਾਤ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ | ਦਸਵੀਂ ਦੀ ਪ੍ਰੀਖਿਆ ਲਈ ਕੁੱਲ 79 ਵਿਦਿਆਰਥੀਆਂ ਨੇ ਭਾਗ ਲਿਆ, ਜਿੰਨ੍ਹਾਂ ਵਿਚੋਂ ਲਗਭਗ 15 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅਤੇ 25 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ | ਇੰਨ੍ਹਾਂ ਵਿਚੋਂ ਇਕ ਵਿਦਿਆਰਥੀ ਨੇ ਗਣਿਤ ਵਿਸ਼ੇ ਵਿਚ 100 ਵਿਚੋਂ 100 ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਇਸ ਸ਼ਾਨਦਾਰ ਨਤੀਜੇ ਲਈ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਸਾਡੀ ਸਾਰਿਆਂ ਦੀ ਮਿਹਨਤ ਦਾ ਨਤੀਜਾ ਹਨ | ਅਧਿਆਪਕਾਂ ਦੁਆਰਾ ਬੱਚਿਆਂ ਨੂੰ ਉਨ੍ਹਾਂ ਦੇ ਮਿਥੇ ਹੋਏ ਟੀਚਿਆਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਮਿਹਨਤ ਅਤੇ ਲਗਨ ਨਾਲ ਆਪਣੇ ਮੁਕਾਮ 'ਤੇ ਪਹੁੰਚ ਸਕਣ ਅਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਆਸਾਨੀ ਨਾਲ ਸਾਹਮਣਾ ਕਰ ਸਕਣ | ਇਸ ਮੌਕੇ ਸਕੂਲ ਦੀ ਸਮੁੱਚੀ ਮੈਨੇਜਿੰਗ ਕਮੇਟੀ ਚੇਅਰਮੈਨ ਸ. ਹਰਭਜਨ ਸਿੰਘ ਜੌਹਲ ਅਤੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਰਾੜ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਅੱਜ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਮਾਪਿਆਂ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ |