ਸਿੱਧਵਾਂ ਬੇਟ, 2 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ ਜਦੋਂ ਇਸ ਪਾਰਟੀ ਨੇ ਪਹਿਲੀ ਵਾਰ ਦਿੱਲੀ ਵਿਚ ਆਪਣੀ ਸਰਕਾਰ ਬਣਾਈ ਸੀ ਤਾਂ ਪਾਰਟੀ ਨੇ ਆਪਣੇ ਦਫ਼ਤਰਾਂ ਵਿਚੋਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਤੱਕ ਲੁਹਾ ਦਿੱਤੀਆਂ ਸਨ ਪਰ ਜਦੋਂ ਹੁਣ ਇੰਨਾਂ ਦੇ ਰਾਜ ਸਭਾ ਮੈਂਬਰ 'ਆਪ' ਦੀ ਸਮੁੱਚੀ ਲੀਡਰਸ਼ਿੱਪ ਤੋਂ ਦੁਖੀ ਅਤੇ ਤੰਗ ਹੋ ਕੇ ਹੋਰ ਪਾਰਟੀਆਂ ਵਿਚ ਜਾ ਰਹੇ ਹਨ ਤਾਂ ਹੁਣ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸ ਮੂੰਹ ਨਾਲ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸੱਤਿਆ ਗ੍ਰਹਿ ਸ਼ੁਰੂ ਕਰਨ ਦੀਆਂ ਗੱਲਾਂ ਕਰ ਰਹੇ ਹਨ | ਕੈਪਟਨ ਸੰਧੂ ਨੇ ਆਖਿਆ ਕਿ ਜਿਸ ਤਰਾਂ ਸੂਬੇ ਵਿਚ ਹਾਲਾਤ ਬਣੇ ਹੋਏ ਹਨ, ਦਿੱਲੀ ਵਾਲਿਆਂ ਵਲੋਂ ਪੰਜਾਬ ਨੂੰ ਦੋਹੇਂ ਹੱਥੀਂ ਲੁੱਟਿਆ ਜਾ ਰਿਹਾ ਹੈ ਤਾਂ ਪਾਰਟੀ ਦੀ ਬੇੜੀ ਡੁੱਬਣ ਕਿਨਾਰੇ 'ਤੇ ਹੈ | ਇਸੇ ਲਈ ਇੰਨਾਂ ਦੇ ਕਈ ਆਗੂ ਪਾਰਟੀ ਛੱਡ ਚੁੱਕੇ ਹਨ ਅਤੇ ਕਈ ਛੱਡਣ ਦੀਆਂ ਤਿਆਰੀਆਂ ਵਿਚ ਹਨ | ਉਨਾਂ ਆਖਿਆ ਕਿ ਲੱਖ ਵਾਅਦੇ ਕਰਨ ਦੇ ਬਾਵਜੂਦ ਵੀ ਬਦਲਾਅ ਵਾਲੀ ਮਾਨ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਨਹੀਂ ਦੇ ਸਕੀ | ਜਿਹੜੀ ਸਰਕਾਰ ਆਖ ਰਹੀ ਹੈ ਕਿ ਸਾਡੇ ਕਾਰਜਕਾਲ ਵਿਚ ਬਿਜਲੀ ਦਾ ਬਲਬ ਝਮੱਕਾ ਨਹੀਂ ਮਾਰੇਗਾ ਪਰ ਹੁਣ ਪੂਰੇ ਪੰਜਾਬ ਅੰਦਰ ਬਿਜਲੀ ਦੇ ਅਣ-ਐਲਾਣੇ ਕੱਟ ਲੱਗ ਰਹੇ ਹਨ | ਗਰੀਬ ਵਰਗ ਦੇ ਲੋਕ ਅਪ੍ਰੈਲ ਮਹੀਨੇ ਵਿਚ ਹੀ ਅੱਤ ਦੀ ਪੈ ਰਹੀ ਗਰਮੀ ਤੋਂ ਦੁਖੀ ਹਨ, ਪਰ ਉਨਾਂ ਦੀ ਬਿਜਲੀ ਦਫ਼ਤਰਾਂ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ | ਕੈਪਟਨ ਸੰਧੂ ਨੇ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਾਲੀ ਨੀਤੀ 'ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਆਖਿਆ ਕਿ ਮੇਰੇ ਹਲਕੇ ਦੇ ਬੇਟ ਵਾਲੇ ਪਿੰਡਾਂ ਵਿਚ ਨਸ਼ਿਆਂ ਦਾ ਪੂਰਾ ਬੋਲਬਾਲਾ ਹੈ | ਨਿੱਤ ਦਿਨ ਕਈ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣੀ ਕੀਮਤੀ ਜਾਨਾਂ ਮੌਤ ਦੇ ਮੂੰਹ ਧੱਕ ਰਹੇ ਹਨ, ਪਰ ਮਿ੍ਤਕਾਂ ਦੇ ਮਾਪੇ ਪੁਲਿਸ ਕੋਲ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੁੰਦੇ ਅਤੇ ਉਹ ਚੁੱਪ-ਚੁਪੀਤੇ ਆਪਣੇ ਪੁੱਤਾਂ ਦਾ ਅੰਤਿਮ ਸੰਸਕਾਰ ਕਰ ਦਿੰਦੇ ਹਨ, ਜੋ ਸਾਡੇ ਸੂਬੇ ਦੀ ਇਕ ਵੱਡੀ ਤਰਾਸਦੀ ਹੈ |