ਰਾਏਕੋਟ, 23 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦਾ ਮੈਦਾਨ ਪੂਰੀ ਤਰ੍ਹਾਂ ਭਖ਼ ਚੁੱਕਾ ਹੈ ਅਤੇ ਵਾਰਡ ਨੰਬਰ-15 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਚੋਣ ਮੁਹਿੰਮ ਨੂੰ ਤੂਫ਼ਾਨੀ ਰਫ਼ਤਾਰ ਦੇ ਦਿੱਤੀ ਹੈ | ਵਾਰਡ ਨੰਬਰ-15 ਤੋਂ ਅਕਾਲੀ ਦਲ ਦੇ ਉਮੀਦਵਾਰ ਜਗਦੇਵ ਸਿੰਘ ਸੈਂਭੀ ਨੇ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰਦਿਆਂ ਸਮਰਥਕਾਂ ਸਮੇਤ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਚੋਣ ਕੰਪੇਨ ਦੀ ਕਮਾਨ ਸੰਭਾਲੀ | ਜਥੇਦਾਰ ਤਲਵੰਡੀ ਦੀ ਅਗਵਾਈ 'ਚ ਸਮੁੱਚੀ ਟੀਮ ਨੇ ਵਾਰਡ ਦੀਆਂ ਗਲੀਆਂ-ਮੁਹੱਲਿਆਂ 'ਚ ਡੋਰ-ਟੂ-ਡੋਰ ਮੁਹਿੰਮ ਚਲਾਈ ਅਤੇ ਚੋਣ ਨਿਸ਼ਾਨ 'ਤੱਕੜੀ' ਲਈ ਵੋਟਾਂ ਦੀ ਅਪੀਲ ਕੀਤੀ | ਵੋਟਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ | ਅਕਾਲੀ ਦਲ ਨੇ ਹਮੇਸ਼ਾ ਸ਼ਹਿਰਾਂ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ | ਉਮੀਦਵਾਰ ਜਗਦੇਵ ਸਿੰਘ ਸੈਂਭੀ ਨੇ ਕਿਹਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ 'ਤੇ ਭਰੋਸਾ ਕਰਕੇ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਵਾਰਡ ਦੇ ਅਧੂਰੇ ਪ੍ਰਬੰਧਾਂ ਦਾ ਪੱਕਾ ਹੱਲ ਕਰਨਗੇ | ਇਸ ਲਈ 26 ਮਈ ਨੂੰ ਵੋਟਾਂ ਵਾਲੇ ਦਿਨ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ 'ਤੱਕੜੀ' ਉੱਪਰ ਪਾ ਕੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਤਾਂ ਜੋ ਵਾਰਡ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਸਕੇ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਗਦੇਵ ਸਿੰਘ ਜੱਗਾ ਤਾਜਪੁਰ, ਸੁਰਿੰਦਰ ਸਿੰਘ ਮੱਲ੍ਹਾ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਕੁਲਵਿੰਦਰ ਸਿੰਘ ਕਿੰਦਾ ਧਾਲੀਵਾਲ, ਤਨਵੀਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |