ਜਗਰਾਉਂ, 24 ਮਈ (ਵਿਨੋਦ ਕੁਮਾਰ)-ਮਹਾਂਪ੍ਰਗਿਆ ਸਕੂਲ ਵਿਖੇ ਅੰਡਰ-14, ਅੰਡਰ-17 ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਵਰਗਾਂ ਦੇ ਇੰਟਰ ਹਾਊਸ ਸ਼ਤਰੰਜ ਮੁਕਾਬਲੇ ਕੋਚ ਪ੍ਰੀਤ ਇੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਬੁੱਧੀਮਾਨੀ ਤੇ ਖੇਡ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਪ੍ਰਭਜੀਤ ਕੌਰ ਵਰਮਾ ਅਤੇ ਸਪੋਰਟਸ ਇੰਚਾਰਜ ਮਨਜੀਤ ਇੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ |