ਮੁੱਲਾਂਪੁਰ-ਦਾਖਾ, 29 ਮਈ (ਨਿਰਮਲ ਸਿੰਘ ਧਾਲੀਵਾਲ)-ਨਿੱਤ ਦੇ ਕੰਮਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਚਾਲੂ ਸੇਵਾ ਕੇਂਦਰਾਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣ ਕਾਰਨ ਸੇਵਾ ਕੇਂਦਰਾਂ ਦੇ ਬਾਹਰ ਤਪਦੀ ਧੁੱਪ 'ਚ ਨਿੱਜੀ ਕਾਗਜ਼ਾਤਾਂ ਦੇ ਮਾਮਲੇ 'ਚ ਪਹੁੰਚੇ ਲੋਕਾਂ ਦੀ ਕਾਫ਼ੀ ਖੱਜਲ ਖੁਆਰੀ ਹੋਈ | ਸਾਂਝ ਕੇਂਦਰ ਦਾਖਾ ਦੇ ਬਾਹਰ ਤਾਲਾ ਲੱਗਾ ਹੋਇਆ ਸੀ, ਦੂਰ ਖੜ੍ਹੇ ਸੇਵਾ ਕੇਂਦਰ ਦੇ ਮੁਲਾਜ਼ਮ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਲੁਧਿਆਣਾ ਦੀ ਕਾਲ 'ਤੇ ਸਾਰੇ ਮੁਲਾਜ਼ਮ ਇੱਕਤਾ ਵਿਚ ਤਾਕਤ ਦਿਖਾਉਂਦਿਆਂ ਹੜਤਾਲ 'ਤੇ ਹਨ | ਸੇਵਾ ਕੇਂਦਰਾਂ ਦੇ ਮੁਲਾਜ਼ਮ ਚਿਰਾਂ ਤੋਂ ਮੰਗ ਕਰ ਰਹੇ ਹਨ ਕਿ ਸਾਨੂੰ ਕੰਮ ਦੇ ਬਰਾਬਰ ਤਨਖਾਹ ਦਿੱਤੀ ਜਾਵੇ, ਨਿੱਜੀ ਹੱਥਾਂ ਤੋਂ ਲੈ ਕੇ ਸੇਵਾ ਕੇਂਦਰਾਂ ਨੂੰ ਸਰਕਾਰ ਆਪਣੇ ਹੱਥਾਂ ਵਿਚ ਲਵੇ | ਸੇਵਾ ਕੇਂਦਰ ਦੇ ਕਾਮਿਆਂ ਦੀ ਮੰਗ ਹੈ ਕਿ ਕੰਪਿਊਟਰ ਆਪ੍ਰੇਟਰ, ਹੈਲਪ ਡੈਸਕ, ਡੀ.ਐੱਸ.ਡੀ, ਸਕਿਊਰਿਟੀ ਗਾਰਡ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ | ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਨਾ ਤਾਂ ਸਾਡੀ ਨੌਕਰੀ ਵਾਲੀਆਂ ਅਸਾਮੀਆਂ ਰੈਗੂਲਰ ਹਨ, ਨਾ ਹੀ ਰੈਗੂਲਰ ਮੁਲਾਜ਼ਮਾਂ ਵਾਂਗ ਤਨਖਾਹ ਮਿਲਦੀ ਹੈ, ਅਜਿਹੇ ਰੋਸ ਵਜੋਂ ਉਹ ਹੜਤਾਲ 'ਤੇ ਚਲੇ ਗਏ |