ਮੁੱਲਾਂਪੁਰ-ਦਾਖਾ, 1 ਜੂਨ (ਨਿਰਮਲ ਸਿੰਘ ਧਾਲੀਵਾਲ)-ਚੋਰੀ ਦੀਆਂ ਵਾਰਦਾਤਾਂ ਰੋਕਣ ਅਤੇ ਸ਼ਹਿਰ ਦੀ ਪ੍ਰਮੁੱਖ ਰਾਏਕੋਟ ਰੋਡ, ਹੋਰ ਸਰਵਿਸ ਲੇਨ ਸੜਕਾਂ 'ਤੇ ਵਿਗੜੀ ਟ੍ਰੈਫ਼ਿਕ ਸਮੱਸਿਆ ਸੁਧਾਰਨ ਲਈ ਸੰਜੀਦਗੀ ਦਿਖਾਉਂਦਿਆਂ ਡੀ.ਐੱਸ.ਪੀ ਕਰਨ ਸਿੰਘ ਸੰਧੂ, ਥਾਣਾ ਦਾਖਾ ਐੱਸ.ਐੱਚ.ਓ ਕੁਲਜਿੰਦਰ ਸਿੰਘ ਵਲੋਂ ਸ਼ਹਿਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਟ੍ਰੈਫ਼ਿਕ ਸੁਧਾਰਾਂ ਲਈ ਆਪਣਾ ਪੱਖ ਰੱਖਿਆ ਅਤੇ ਦੁਕਾਨਦਾਰਾਂ ਦੀ ਗੱਲ ਵੀ ਠਰੰਮੇ ਨਾਲ ਸੁਣੀ ਗਈ | ਦੁਕਾਨਦਾਰਾਂ ਨਾਲ ਭਾਈਚਾਰਕ ਮੀਟਿੰਗ ਨੰੂ ਸੰਬੋਧਨ ਕਰਨ ਸਮੇਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮੇਰੇ ਨਾਲੋਂ ਦੁਕਾਨਦਾਰਾਂ ਨੂੰ ਵੱਧ ਪਤਾ ਕਿ ਆਪਣੇ ਸ਼ਹਿਰ ਦੀ ਰਾਏਕੋਟ ਰੋਡ ਅੱਧੀ ਦਰਜਨ ਜ਼ਿਲਿ੍ਹਆਂ ਅਤੇ 2-3 ਰਾਜਾਂ ਦੀ ਆਵਾਜਾਈ ਲਈ ਪ੍ਰਮੁੱਖ ਸੜਕ ਹੈ | ਡੀ.ਐੱਸ.ਪੀ ਨੇ ਕਿਹਾ ਕਿ ਸੜਕ ਕਿਨਾਰੇ ਰੇਹੜੀ-ਫੜੀ ਜਾਂ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਰੋਕਣਾ ਸਥਾਨਕ ਸਰਕਾਰਾਂ ਵਿਭਾਗ ਅਧੀਨ ਸਾਡੀ ਨਗਰ ਕੌਂਸਲ ਦਾ ਜਿੰਮਾ ਹੈ, ਪ੍ਰੰਤੂ ਆਪਾਂ ਇਸ ਮੁਸ਼ਕਿਲ 'ਚੋਂ ਨਿਕਲਣ ਲਈ ਕੋਈ ਸਾਂਝਾ ਹੱਲ ਕੱਢਣਾ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਸੰਭਾਲੇ, ਪੁਲਿਸ ਵੀ ਟ੍ਰੈਫ਼ਿਕ ਪ੍ਰਬੰਧਾਂ ਨੂੰ ਕੰਟਰੋਲ ਕਰੇਗੀ, ਪਰ ਦੁਕਾਨਦਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ, ਕਿਉਂਕਿ ਇਸ ਸਮੱਸਿਆ ਵਿਚ ਉਲਝਣ ਲਈ ਦੁਕਾਨਦਾਰ ਵੀ ਬਰਾਬਰ ਦੇ ਭਾਗੀਦਾਰ ਹਨ | ਵਿਚਾਰ-ਵਟਾਂਦਰੇ ਵਿਚ ਐੱਸ.ਐੱਚ.ਓ. ਕੁਲਜਿੰਦਰ ਸਿੰਘ ਵਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ 5-6 ਫੁੱਟ ਤੋਂ ਅੱਗੇ ਸਾਮਾਨ ਨਾ ਰੱਖਿਆ ਜਾਵੇ | ਸ਼ਹਿਰ ਦੇ ਦੁਕਾਨਦਾਰਾਂ ਰਾਜੂ ਕਾਂਸਲ, ਮੁਕੇਸ਼ ਬਾਂਸਲ, ਮਨੀਸ਼ ਜੈਨ, ਮੇਘਰਾਜ, ਬਬਲੀ, ਸਜਣ ਗੋਇਲ, ਚਰਨਜੀਤ ਸਿੰਘ ਖ਼ਾਲਸਾ, ਕਿ੍ਸ਼ਨ ਕੁਮਾਰ ਬੰਟੀ, ਜਗਤਾਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਖ਼ਾਲਸਾ, ਜਗਦੀਪ ਸਿੰਘ ਜੋਧਾਂ, ਨਵੀਨ ਕੁਮਾਰ, ਅਮਨਜੋਤ ਸਿੰਘ, ਹਰਿੰਦਰ ਸਿੰਘ, ਹੋਰਨਾਂ ਦਾਖਾ ਪੁਲਿਸ ਦੇ ਡੀ.ਐੱਸ.ਪੀ., ਐੱਸ.ਐੱਚ.ਓ. ਨੂੰ ਸੁਝਾਅ ਦਿੱਤਾ ਕਿ ਪਹਿਲਾਂ ਤਾਂ ਸ਼ਹਿਰ ਅੰਦਰ ਲੱਖਾਂ ਰੁਪਏ ਲਾਗਤ ਵਾਲੇ ਚਿੱਟਾ ਹਾਥੀ ਬਣੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚਾਲੂ ਕਰਵਾਇਆ ਜਾਵੇ, ਰੇੜ੍ਹੀ-ਫੜ੍ਹੀ, ਖਾਣ-ਪੀਣ ਵਾਲੇ ਹੋਰ ਸਟਾਲ ਤੁਰਦੇ ਫਿਰਦੇ ਦੁਕਾਨਦਾਰਾਂ ਨੂੰ ਨਗਰ ਪੰਚਾਇਤ ਦੇ ਅਧਿਕਾਰੀ ਰੋਕਣ, ਦੁਕਾਨਦਾਰ ਵੀ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਦੂਰ ਤੱਕ ਵਿਛਾਉਣ ਤੋਂ ਗੁਰੇਜ਼ ਕਰਨਗੇਂ | ਸ਼ਹਿਰ ਦੇ ਦੁਕਾਨਦਾਰਾਂ ਨਾਲ ਪੁਲਿਸ ਵਲੋਂ ਮੀਟਿੰਗ ਦਾ ਸਿੱਟਾ ਆਉਣ ਵਾਲੇ ਦਿਨਾਂ 'ਚ ਹਾਂ-ਪੱਖੀ ਹੋਵੇਗਾ |