ਜਗਰਾਉਂ, 26 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਮੁੱਖ ਮੰਤਰੀ ਪੰਜਾਬ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਥਕ ਸਫਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ (ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ), ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਕੌਮੀ ਐੱਸ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅੱਜ ਜਗਰਾਉਂ ਵਿਖੇ ਗੁਰਦੁਆਰਾ ਨਾਨਕਸਰ ਕਲੇਰਾਂ ਅਤੇ ਗੁਰਦੁਆਰਾ ਗੋਪਾਲਸਰ ਸਾਹਿਬ ਗਗੜਾ ਵਿਖੇ ਨਤਮਸਤਕ ਹੋਏ ਅਤੇ ਸੰਤ ਮਹਾਂਪੁਰਖਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਮੇਟੀ ਮੈਂਬਰਾਂ ਨੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਤੇ ਗੁਰਦੁਆਰਾ ਗੋਪਾਲਸਰ ਸਾਹਿਬ ਗਗੜਾ ਵਿਖੇ ਬਾਬਾ ਅਮਰਜੀਤ ਸਿੰਘ ਗੋਪਾਲਸਰ ਸਾਹਿਬ, ਬਾਬਾ ਸਰਬਜੀਤ ਸਿੰਘ ਡਾਂਗੋਂ, ਬਾਬਾ ਕੁਲਵੰਤ ਸਿੰਘ ਮੈਹਦੇਆਣਾ ਸਾਹਿਬ, ਬਾਬਾ ਲਖਵੀਰ ਸਿੰਘ ਭੈਣੀ ਨਾਨਕਸਰ ਬੜੈਚ, ਬਾਬਾ ਜਸ਼ਨਪ੍ਰੀਤ ਸਿੰਘ ਢੋਲਣ, ਬਾਬਾ ਸਰਬਜੀਤ ਸਿੰਘ ਭਰੋਵਾਲ ਅਤੇ ਬਾਬਾ ਜਗਮੋਹਣ ਸਿੰਘ ਭੂੰਦੜੀ ਨਾਲ ਵਿਚਾਰ-ਵਟਾਂਦਰਾ ਕੀਤਾ। ਕਮੇਟੀ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਮਾਮਲੇ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਪੰਥ ਦੋਖੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਾਹਮਣੇ ਆਈ ਇਕ ਵਾਇਰਲ ਵੀਡੀਓ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਦੀ ਹੈ। ਭੂੰਦੜ ਨੇ ਦਾਅਵਾ ਕੀਤਾ ਕਿ ਇਸ ਵਾਇਰਲ ਵੀਡੀਓ ਦੀ ਤਕਨੀਕੀ ਜਾਂਚ ਅਤੇ ਲੈਬ ਟੈਸਟਿੰਗ ਤੋਂ ਬਾਅਦ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਵੀਡੀਓ ਅਸਲੀ ਹੈ ਅਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਇਕ ਧਾਰਮਿਕ ਸੰਸਥਾ ਨਹੀਂ, ਬਲਕਿ ਸਿੱਖ ਕੌਮ ਦੀ ਸਰਬਉੱਚ ਅਦਾਲਤ ਹੈ, ਜਿਸ ਦਾ ਇਤਿਹਾਸ ਸਿੱਖ ਪੰਥ ਦੀ ਅਗਵਾਈ, ਮਰਿਯਾਦਾ ਅਤੇ ਇਨਸਾਫ਼ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ।