ਪਿੰਡ ਸੱਤੋਵਾਲ ਵਿਖੇ ਛੱਪੜ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਹਿਯੋਗ ਨਾ ਮਿਲਣ ’ਤੇ ਲੋਕ ਨਿਰਾਸ਼
ਵੱਖ-ਵੱਖ ਸਮੇਂ ਗ੍ਰਾਮ ਪੰਚਾਇਤਾਂ ਵਲੋਂ ਉਠਾਇਆ ਗਿਆ ਮੁੱਦਾ ਜਿਉਂ ਦਾ ਤਿਉਂ ਬਰਕਰਾਰ
ਰਾਏਕੋਟ, 1 ਅਗਸਤ (ਬਲਵਿੰਦਰ ਸਿੰਘ ਲਿੱਤਰ) ਤਹਿਸੀਲ ਰਾਏਕੋਟ ਦੇ ਪਿੰਡ ਸੱਤੋਵਾਲ ਦੀ ਗ੍ਰਾਮ ਪੰਚਾਇਤ ਅਤੇ ਤਤਕਾਲੀ ਸਰਪੰਚ ਗੁਰਅਵਤਾਰ ਸਿੰਘ ਵਲੋਂ ਗਿੱਲ ਪੱਤੀ ਦੇ ਛੱਪੜ ਦੇ ਰਕਬਾ 3 ਕਨਾਲਾਂ 1 ਮਰਲੇ ਦਾ ਕੇਸ ਮਾਣਯੋਗ ਸੈਸ਼ਨ ਕੋਰਟ ਲੁਧਿਆਣਾ ਤੋਂ 11 ਸਾਲ ਪਹਿਲਾਂ ਜਿੱਤਣ ਦੇ ਬਾਵਜੂਦ ਵੀ ਰਾਏਕੋਟ ਪ੍ਰਸ਼ਾਸਨ ਵਲੋਂ ਸਹਿਯੋਗ ਨਾ ਦਿੱਤੇ ਕਰਕੇ ਕਬਜ਼ਾਧਾਰਕ ਧਿਰ ਇਸ ਪੰਚਾਇਤੀ ਜਗ੍ਹਾ ’ਤੇ ਅੱਜ ਤੱਕ ਕਾਬਜ਼ ਹੈ। ਜਿਸ ਕਰਕੇ ਵੱਖ-ਵੱਖ ਸਰਕਾਰਾਂ ਸਮੇਤ ਮੌਜੂਦਾ ਪੰਜਾਬ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਲੱਗਿਆ ਹੈ।
ਰਾਏਕੋਟ, 1 ਅਗਸਤ (ਬਲਵਿੰਦਰ ਸਿੰਘ ਲਿੱਤਰ) ਤਹਿਸੀਲ ਰਾਏਕੋਟ ਦੇ ਪਿੰਡ ਸੱਤੋਵਾਲ ਦੀ ਗ੍ਰਾਮ ਪੰਚਾਇਤ ਅਤੇ ਤਤਕਾਲੀ ਸਰਪੰਚ ਗੁਰਅਵਤਾਰ ਸਿੰਘ ਵਲੋਂ ਗਿੱਲ ਪੱਤੀ ਦੇ ਛੱਪੜ ਦੇ ਰਕਬਾ 3 ਕਨਾਲਾਂ 1 ਮਰਲੇ ਦਾ ਕੇਸ ਮਾਣਯੋਗ ਸੈਸ਼ਨ ਕੋਰਟ ਲੁਧਿਆਣਾ ਤੋਂ 11 ਸਾਲ ਪਹਿਲਾਂ ਜਿੱਤਣ ਦੇ ਬਾਵਜੂਦ ਵੀ ਰਾਏਕੋਟ ਪ੍ਰਸ਼ਾਸਨ ਵਲੋਂ ਸਹਿਯੋਗ ਨਾ ਦਿੱਤੇ ਕਰਕੇ ਕਬਜ਼ਾਧਾਰਕ ਧਿਰ ਇਸ ਪੰਚਾਇਤੀ ਜਗ੍ਹਾ ’ਤੇ ਅੱਜ ਤੱਕ ਕਾਬਜ਼ ਹੈ। ਜਿਸ ਕਰਕੇ ਵੱਖ-ਵੱਖ ਸਰਕਾਰਾਂ ਸਮੇਤ ਮੌਜੂਦਾ ਪੰਜਾਬ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਲੱਗਿਆ ਹੈ।ਇਸ ਮੌਕੇ ਗ੍ਰਾਮ ਪੰਚਾਇਤ ਪਿੰਡ ਸੱਤੋਵਾਲ ਵਲੋਂ 22 ਜੁਲਾਈ 2026 ਨੂੰ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਦਿੰਦਿਆਂ ਛੱਪੜ ਉੱਪਰ ਨਾਜਾਇਜ਼ ਕਬਜ਼ੇ ਨੂੰ ਹਟਾਉਣ ਅਤੇ ਸਬੰਧਿਤ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਸਬੰਧੀ ਅਪੀਲ ਕੀਤੀ ਕਿ ਉਕਤ ਛੱਪੜ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ। ਇਸ ਮੌਕੇ ਦਿੱਤੀ ਦਰਖ਼ਾਸਤ ਵਿੱਚ ਸਰਪੰਚ ਸੋਹਣ ਸਿੰਘ, ਪੰਚ ਬਲਵਿੰਦਰ ਸਿੰਘ ਗਿੱਲ, ਪੰਚ ਸਵਰਨਜੀਤ ਕੌਰ, ਪੰਚ ਕੁਲਵਿੰਦਰ ਕੌਰ , ਪੰਚ ਸਵਰਨਜੀਤ ਕੌਰ ਗਿੱਲ ਦੇ ਦਸਤਖ਼ਤਾਂ ਵਾਲੀ ਕਾਪੀ ਦਿਖਾਉਂਦਿਆ ਦੱਸਿਆ ਗਿਆ ਕਿ ਇਸ ਛੱਪੜ ਉੱਪਰ ਗੁਰਮੇਲ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਸ਼ੇਰ ਸਿੰਘ, ਚਮਕੌਰ ਸਿੰਘ ਪੁੱਤਰ ਬਖਤੌਰ ਸਿੰਘ, ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਸੁਦਾਗਰ ਸਿੰਘ ਪੁੱਤਰ ਪ੍ਰੀਤਮ ਸਿੰਘ (ਸਾਰੇ ਵਾਸੀਅਨ-ਪਿੰਡ ਸੱਤੋਵਾਲ, ਤਹਿਸੀਲ ਰਾਏਕੋਟ) ਕਾਬਜ਼ ਹਨ। ਉਨ੍ਹਾਂ ਦੱਸਿਆ ਕਿ ਤਤਕਾਲੀ ਸਰਪੰਚ ਗੁਰਅਵਤਾਰ ਸਿੰਘ ਸਮੇਤ ਗ੍ਰਾਮ ਪੰਚਾਇਤ ਇਸ ਕੇਸ ਨੂੰ 03 ਨਵੰਬਰ 2015 ਨੂੰ ਮਾਣਯੋਗ ਸੈਸ਼ਨ ਕੋਰਟ ਲੁਧਿਆਣਾ ਤੋਂ ਜਿੱਤ ਚੁੱਕੀ ਹੈ ਅਤੇ ਉਕਤ ਕਬਜ਼ਾਧਾਰਕਾਂ ਨੂੰ ਉਸ ਸਮੇਂ ਦੇ ਡੀ.ਡੀ.ਪੀ.ਓ. ਲੁਧਿਆਣਾ ਵਲੋਂ ਦਾਖ਼ਲ ਵਾਰੰਟ ਜਾਰੀ ਕੀਤੇ ਸਨ, ਜਿੱਥੇ ਉਕਤ ਕਬਜ਼ਾਧਾਰਕਾਂ ਵਲੋਂ ਲਿਖਤੀ ਤੌਰ ’ਤੇ ਮੰਨਿਆ ਸੀ ਕਿ ਅਸੀਂ ਇਸ ਕਬਜ਼ੇ ਵਾਲੀ ਜਗ੍ਹਾ ਨੂੰ ਖਾਲੀ ਕਰ ਦੇਵਾਂਗੇ। ਜਿਸ ਦੇ ਸਬੰਧ ’ਚ ਉਸ ਸਮੇਂ ਦੇ ਸਰਪੰਚ ਗੁਰਅਵਤਾਰ ਸਿੰਘ ਤੇ ਗ੍ਰਾਮ ਪੰਚਾਇਤ ਵਲੋਂ ਬੀ.ਡੀ.ਪੀ.ਓ. ਰਾਏਕੋਟ, ਤਹਿਸੀਲਦਾਰ ਰਾਏਕੋਟ, ਕਾਨੂੰਨਗੋ, ਪਟਵਾਰੀ ਨੂੰ ਲਿਖ਼ਤੀ ਤੌਰ ’ਤੇ ਕਈ ਵਾਰ ਨਿਸ਼ਾਨਦੇਹੀ ਕਰਨ ਲਈ ਆਖਿਆ ਗਿਆ, ਪ੍ਰੰਤੂ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਅਮਲ ਨਹੀਂ ਕੀਤਾ ਅਤੇ ਹਮੇਸ਼ਾ ਹੀ ਗ੍ਰਾਮ ਪੰਚਾਇਤ ਨੂੰ ਟਾਲ-ਮਟੋਲ ਵਾਲੀ ਨੀਤੀ ਅਪਣਾਉਂਦੇ ਹੋਏ ਨਾਂਹ ਵਾਲਾ ਜਵਾਬ ਹੀ ਦਿੱਤਾ ਹੈ, ਜਿਸ ਕਰਕੇ ਇਸ ਛੱਪੜ ਉੱਪਰ ਨਾਜਾਇਜ਼ ਕਬਜ਼ਾ ਬਰਕਰਾਰ ਹੈ। ਉਨ੍ਹਾਂ ਵਲੋਂ ਦਿੱਤੀ ਸ਼ਿਕਾਇਤ ਇਹ ਵੀ ਦੱਸਿਆ ਗਿਆ ਕਿ ਛੱਪੜ ਉੱਪਰ ਨਾਜਾਇਜ਼ ਕਬਜ਼ਾ ਹੋਣ ਕਰਕੇ ਛੱਪੜ ਦਾ ਗੰਦਾ ਪਾਣੀ ਰਸਤੇ ਵਿਚ ਖੜ੍ਹਦਾ ਹੈ ਅਤੇ ਇਹ ਮੁੱਖ ਰਸਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ, ਜਿੱਥੇ ਰੋਜ਼ਾਨਾ ਲੰਘਣ ਵਾਲੀ ਸੰਗਤ ਨੂੰ ਮਜ਼ਬੂਰਨ ਗੰਦੇ ਪਾਣੀ ਵਿਚੋਂ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਮੌਜੂਦਾ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਜਿੱਥੇ ਰਸਤੇ ਵਿਚ ਗੰਦੇ ਪਾਣੀ ਦਾ ਛੱਪੜ ਲੱਗਿਆ ਹੋਇਆ ਹੈ, ਉੱਥੇ ਹੀ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਇਸ ਰਸਤੇ ਰਾਹੀਂ ਹੀ ਜਾਂਦੀ ਹੈ। ਜੇਕਰ ਕਿਸੇ ਲੀਕੇਜ਼ ਕਾਰਨ ਛੱਪੜ ਦਾ ਪਾਣੀ ਪੀਣ ਵਾਲੇ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਪਿੰਡ ਵਿਚ ਭਿਆਨਕ ਬਿਮਾਰੀਆਂ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਮਾਲ ਵਿਭਾਗ ਦੀ ਮਿਲੀਭੁਗਤ ਨਾਲ ਮਾਲ ਵਿਭਾਗ ਦੇ ਰਿਕਾਰਡ ਦੀ ਫੀਲਡ ਬੁੱਕ ’ਤੇ ਨਕਸ਼ੇ ਵਿਚੋਂ ਕਬਜ਼ੇ ਵਾਲੇ ਛੱਪੜ ਨੂੰ ਗਾਇਬ ਹੀ ਕਰ ਦਿੱਤਾ ਗਿਆ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਕਬਜ਼ੇ ਨੂੰ ਕਰਵਾਉਣ ’ਚ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੋਣਾ ਸਾਹਮਣੇ ਆਉਂਦਾ ਹੈ, ਜਦਕਿ ਪੰਚਾਇਤ ਵਿਭਾਗ ਦੇ ਨਕਸ਼ੇ ਵਿਚ ਖਸਰਾ ਨੰਬਰ-46, ਮੁਸਾਵੀ ਦੇ ਰਿਕਾਰਡ ਵਿਚ ਉਕਤ ਕਬਜ਼ੇ ਵਾਲੀ ਜਗ੍ਹਾ ਅੱਜ ਤੱਕ ਮੌਜੂਦ ਹੈ। ਜਿਸ ਤੋਂ ਖਫ਼ਾ ਹੋਏ ਪਿੰਡ ਵਾਸੀਆਂ ਵਲੋਂ ਵੱਡਾ ਇਕੱਠ ਕਰਕੇ ਪੱਤਰਕਾਰਾਂ ਨੂੰ ਪਿੰਡ ਦੇ ਮੌਜੂਦਾ ਹਾਲਾਤਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਰਾਜ ਸਿੰਘ ਗਿੱਲ, ਭੁਪਿੰਦਰ ਸਿੰਘ ਧਾਲੀਵਾਲ, ਮਾਘ ਸਿੰਘ, ਕਰਤਾਰ ਸਿੰਘ, ਦਿਲਬਾਗ ਸਿੰਘ, ਮੱਘਰ ਸਿੰਘ, ਕੈਪਟਨ ਸੱਜਣ ਸਿੰਘ, ਕੈਪਟਨ ਜੁਗਿੰਦਰ ਸਿੰਘ, ਕੁਲਦੀਪ ਸਿੰਘ, ਤੇਜਿੰਦਰ ਸਿੰਘ, ਗੁਰਜੀਤ ਸਿੰਘ, ਸਾਬਕਾ ਪੰਚ ਜਸਵੀਰ ਸਿੰਘ, ਸਾਬਕਾ ਪੰਚ ਦਰਸ਼ਨਪਾਲ ਕੌਰ, ਸਵਰਨ ਸਿੰਘ, ਸਾਬਕਾ ਪੰਚ ਚਰਨਜੀਤ ਕੌਰ ਸਮੇਤ ਪਿੰਡ ਦੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ । ਜਦੋਂ ਇਸ ਮਾਮਲੇ ਸਬੰਧੀ ਦੂਜੀ ਧਿਰ ਦੇ ਬਲਵੀਰ ਸਿੰਘ ਦੇ ਪੁੱਤਰ ਪ੍ਰਦੀਪ ਸਿੰਘ ਅਤੇ ਚਮਕੌਰ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੀ.ਡੀ.ਪੀ.ਓ. ਦਫ਼ਤਰ ਵਿਚ ਸੰਨ 2015 ਦੌਰਾਨ ਉਨ੍ਹਾਂ ਵਲੋਂ ਲਿਖ ਕੇ ਦਿੱਤਾ ਗਿਆ ਸੀ, ਗ੍ਰਾਮ ਪੰਚਾਇਤ ਛੱਪੜ ਦੀ ਨਿਸ਼ਾਨਦੇਹੀ ਕਰਵਾ ਲਵੇ , ਉਸ ਮੁਤਾਬਿਕ ਜਗ੍ਹਾ ਛੱਡ ਦਿੱਤੀ ਜਾਵੇਗੀ।