ਮੀਂਹ ਨਾਲ ਟੁੱਟੀਆਂ ਸੜਕਾਂ 'ਚ ਭਰਿਆ ਪਾਣੀ
ਅਜੀਤ ਡੈਸਕ
24-01-2026
ਸਮੁੰਦੜਾ, 23 ਜਨਵਰੀ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਅਤੇ ਨੇੜੇ ਲੱਗਦੇ ਪਿੰਡਾਂ 'ਚ ਨਿਰੰਤਰ ਪਏ ਮੋਹਲੇਧਾਰ ਮੀਂਹ ਨਾਲ ਹਰ ਪਾਸੇ ਜਲਥਲ ਹੋ ਗਿਆ ਅਤੇ ਇੱਕ ਵਾਰ ਫਿਰ ਤੋਂ ਠੰਢ ਨੇ ਜ਼ੋਰ ਫੜ ਲਿਆ | ਲਗਾਤਾਰ ਪਏ ਮੀਂਹ ਕਾਰਨ ਇਲਾਕੇ ਦੀਆਂ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਸੰਪਰਕ ਸੜਕਾਂ ਅਤੇ ਸਮੁੰਦੜਾ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਰਾਜ ਮਾਰਗ 'ਤੇ ਕਈ ਮਹੀਨਿਆਂ ਤੋਂ ਪਏ ਹੋਏ ਡੂੰਘੇ ਟੋਇਆਂ 'ਚ ਪਾਣੀ ਭਰ ਗਿਆ | ਜਿਸ ਕਰਕੇ ਆਵਾਜਾਈ 'ਚ ਭਾਰੀ ਵਿਘਨ ਪਿਆ ਅਤੇ ਰਾਹਗੀਰਾਂ ਨੂੰ ਸੜਕ 'ਤੇ ਖੜ੍ਹੇ ਅੰਤਾਂ ਦੇ ਪਾਣੀ ਅਤੇ ਡੂੰਘੇ ਖੱਡਿਆਂ ਤੋਂ ਬਚਦਿਆਂ ਇੱਧਰੋਂ-ਉਧਰੋਂ ਕਰਕੇ ਆਪੋ ਆਪਣੇ ਵਾਹਨ ਲੰਘਾਉਣੇ ਪਏ | ਕਈ ਵਾਹਨ ਚਾਲਕਾਂ ਦੀਆਂ ਤੇਜ਼ ਰਫ਼ਤਾਰ ਆਉਂਦੀਆਂ ਕਾਰਾਂ ਡੂੰਘੇ ਖੱਡਿਆਂ 'ਚ ਵੱਜ ਕੇ ਨੁਕਸਾਨੀਆਂ ਵੀ ਗਈਆਂ | ਇਸ ਤੋਂ ਇਲਾਵਾ ਇਸ ਮਾਰਗ 'ਤੇ ਸਕੂਟਰ-ਮੋਟਰਸਾਈਕਲ ਵਾਲਿਆਂ ਦਾ ਲੰਘਣਾ ਤਾਂ ਬੇਹੱਦ ਔਖਾ ਹੋ ਗਿਆ | ਇਸ ਦੇ ਨਾਲ ਹੀ ਰਾਜ ਮਾਰਗ ਤੋਂ ਚੱਕ ਸਿੰਘਾਂ ਨੂੰ ਜਾਂਦੀ ਸੰਪਰਕ ਸੜਕ 'ਤੇ ਵੀ ਜਲਥਲ ਹੋ ਗਿਆ ਅਤੇ ਸਮੁੰਦੜਾ ਦੇ ਇੱਕ ਛੱਪੜ ਦਾ ਪਾਣੀ ਓਵਰਫ਼ਲੋ ਹੋ ਕੇ ਇਸ ਸੜਕ 'ਤੇ ਆਉਣ ਖੜ੍ਹਾ ਹੋ ਗਿਆ | ਜਿਸ ਕਰਕੇ ਇਸ ਸੜਕ 'ਤੇ ਬਣੇ ਨਵੇਂ ਘਰਾਂ ਵਾਲਿਆਂ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ | ਇਸ ਤੋਂ ਇਲਾਵਾ ਸਮੁੰਦੜਾ ਤੋਂ ਚੱਕ ਗੁਰੂ, ਰਾਮਗੜ੍ਹ-ਝੁੰਗੀਆਂ ਆਦਿ ਪਿੰਡਾਂ ਨੂੰ ਜਾਂਦੀਆਂ ਟੁੱਟੀਆਂ ਸੰਪਰਕ ਸੜਕਾਂ 'ਚ ਵੀ ਪਾਣੀ ਭਰ ਗਿਆ | ਪਿੰਡ ਨਾਜ਼ਰਪੁਰ ਤੋਂ ਸਿੰਬਲੀ ਨੂੰ ਜਾਂਦੀ ਬਿਸਤ-ਦੁਆਬ ਨਹਿਰ ਦੇ ਨਾਲ ਬਣੀ ਲੰਮੇ ਸਮੇਂ ਤੋਂ ਟੁੱਟੀ ਹੋਈ ਸੰਪਰਕ ਸੜਕ ਦੇ ਖੱਡੇ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ | ਇਸ ਤੋਂ ਇਲਾਵਾ ਚਲੀਆਂ ਤੇਜ਼ ਹਵਾਵਾਂ ਕਾਰਨ ਸਰੋਂ੍ਹ, ਕਮਾਦ ਅਤੇ ਪਸ਼ੂਆਂ ਦੇ ਚਾਰੇ ਵੀ ਨੁਕਸਾਨੇ ਗਏ | ਖੇਤੀਬਾੜੀ ਮਾਹਿਰਾਂ ਵੱਲੋਂ ਪਏ ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਵਰਦਾਨ ਦੱਸਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਸੁੱਕੀ ਪੈ ਰਹੀ ਠੰਢ ਤੋਂ ਵੀ ਨਿਜਾਤ ਮਿਲੀ ਹੈ |