ਕਟਾਰੀਆਂ, 28 ਜਨਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤੇ ਲੋਕ ਸਰਕਾਰ ਦੀਆਂ ਤਰੀਫਾਂ ਕਰਦੇ ਨਹੀਂ ਥੱਕਦੇ | ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਿਹਤ ਯੋਜਨਾ ਦਾ ਲਾਭ ਸਰਕਾਰੀ ਤੇ ਸੂਚੀ ਬੱਧ ਨਿੱਜੀ ਹਸਪਤਾਲਾਂ 'ਚ 10 ਲੱਖ ਰੁਪਏ ਤੱਕ ਦਾ ਇਲਾਜ ਮਿਲੇਗਾ, ਜੋ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਆਧਾਰ ਅਤੇ ਵੋਟਰ ਕਾਰਡ ਜਰੂਰੀ ਹੈ ਤੇ ਕੋਈ ਆਮਦਨ ਦੀ ਪਾਬੰਦੀ ਜਾਂ ਉਮਰ ਦੀ ਸੀਮਾ ਨਹੀ ਹੈ ਅਤੇ ਪੂਰਾ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ |