ਨਵਾਂਸ਼ਹਿਰ, 21 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਪਿੰ੍ਰਸੀਪਲ ਡਾ.ਰਣਜੀਤ ਸਿੰਘ ਦੀ ਯੋਗ ਅਗਵਾਈ, ਕੋਆਰਡੀਨੇਟਰ ਡਾ. ਗੁਲਬਹਾਰ ਸਿੰਘ ਅਤੇ ਡਾ.ਕੁਲਦੀਪ ਕੌਰ ਦੀ ਦੇਖ ਰੇਖ ਅਧੀਨ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੇ ਮਾਤ-ਭਾਸ਼ਾ ਸੰਬੰਧੀ ਭਾਸ਼ਨ, ਕਵਿਤਾ, ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ 'ਜੈ ਹੋ' ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ' ਦੇ ਨਿਰਦੇਸ਼ਕ ਸੁਖਦੇਵ ਲੱਧੜ ਅਤੇ ਅਸ਼ਵਨੀ ਵਲੋਂ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ 'ਤੇ ਵਿਅੰਗ ਕਰਦਾ ਨੁੱਕੜ ਨਾਟਕ 'ਸੁਲਗਦੀ ਧਰਤੀ' ਪੇਸ਼ ਕੀਤਾ ਗਿਆ | ਇਸ ਮੌਕੇ ਡਾ. ਗੁਲਬਹਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਤ ਭਾਸ਼ਾ ਦੇ ਇਤਿਹਾਸਿਕ ਪਿਛੋਕੜ ਨਾਲ ਜਾਣੂ ਕਰਵਾਉਂਦਿਆਂ ਮਾਤ ਭਾਸ਼ਾ ਨਾਲ ਜੁੜੇ ਰਹਿਣ ਦੀ ਸੇਧ ਦਿੱਤੀ | ਇਸ ਮੌਕੇ ਕਾਲਜ ਪਿੰ੍ਰਸੀਪਲ ਡਾ. ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਤ-ਭਾਸ਼ਾ ਨਾਲ ਜੁੜੇ ਰਹਿਣ ਦੀ ਅਹਿਮੀਅਤ ਸਮਝਾਈ ਅਤੇ ਆਪਣੇ ਰੋਜ਼ਾਨਾ ਦੇ ਕੰਮਕਾਜ਼ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਵਿੱਚ ਕਰਨ ਨੂੰ ਤਰਜੀਹ ਦਿੱਤੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਕੁਲਦੀਪ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ਼ਾਮਿਲ ਸਨ |