ਬੰਗਾ, 28 ਮਾਰਚ (ਧਰਮਵੀਰ ਪਾਲ) - ਪਿੰਡ ਭੂਤਾਂ ਦੇ ਜੰਮਪਲ ਅਤੇ ਹੁਣ ਕੈਲਗਿਰੀ ਕੈਨੇਡਾ ਨਿਵਾਸੀ ਸ. ਜੋਗਾ ਸਿੰਘ ਰਾਏ ਵੱਲੋਂ ਆਪਣੇ ਪਿਤਾ ਸਵ: ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਆਪਣੇ ਜੱਦੀ ਪਿੰਡ ਭੂਤਾਂ ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਬੈੱਡ ਮੁਫ਼ਤ ਕਰਵਾਇਆ | ਪਿੰਡ ਭੂਤਾਂ ਦੇ ਵਾਸੀਆਂ ਲਈ ਮੁਫ਼ਤ ਬੈੱਡ ਸੇਵਾ ਆਰੰਭ ਕਰਵਾਉਣ ਲਈ ਸ. ਜੋਗਾ ਸਿੰਘ ਰਾਏ ਦੇ ਭਾਣਜੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਭੂਤਾਂ ਢਾਹਾਂ ਕਲੇਰਾਂ ਪੁੱਜੇ | ਉਹਨਾਂ ਗੱਲਬਾਤ ਕਰਦਿਆਂ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਨੂੰ ਮਿਲਦੀਆਂ ਮਿਆਰੀ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ | ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਜੋਗਾ ਸਿੰਘ ਰਾਏ ਕੈਲਗਿਰੀ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਮੁਫ਼ਤ ਬੈੱਡ ਸੇਵਾ ਆਰੰਭ ਕਰਵਾਉਣ ਦੇ ਨੇਕ ਉੱਦਮ ਦੀ ਸ਼ਲਾਘਾ ਕੀਤੀ | ਉਹਨਾਂ ਪਿੰਡ ਭੂਤਾਂ ਵਾਸੀਆਂ ਨੂੰ ਹਸਪਤਾਲ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਇਲਾਜ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ | ਇਸ ਮੌਕੇ ਦਾਨੀ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ | ਸਨਮਾਨ ਦੀ ਇਸ ਰਸਮ ਸਮੇਂ ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸ. ਹਰਦੇਵ ਸਿੰਘ ਢਾਹਾਂ ਯੂ.ਕੇ. ਅਤੇ ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ |