ਬੰਗਾ, 2 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਧਾਇਕ ਹਲਕਾ ਬੰਗਾ ਡਾ. ਸੁਖਵਿੰਦਰ ਸੁੱਖੀ ਵਲੋਂ ਇਸ ਬਲਾਕ ਦੇ ਪਿੰਡ ਅਟਾਰੀ 'ਚ 'ਮੇਰਾ ਘਰ ਮੇਰੇ ਨਾਮ' ਯੋਜਨਾ ਅਧੀਨ 226 ਘਰਾਂ ਦੀਆਂ ਰਜਿਸਟਰੀਆਂ ਲਾਭਪਾਤਰੀਆਂ ਨੂੰ ਸੌਂਪੀਆਂ | ਇਸ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਪਿੰਡ ਅਟਾਰੀ ਤੋਂ ਕੀਤੀ ਗਈ | ਇਸ ਮੌਕੇ ਡਾ. ਸੁੱਖੀ ਨੇ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ 'ਮੇਰਾ ਘਰ ਮੇਰੇ ਨਾਮ' ਯੋਜਨਾ ਨਾਲ ਲਾਭਪਾਤਰੀਆਂ ਨੂੰ ਆਪਣੇ ਘਰਾਂ ਦਾ ਪੂਰਾ ਕਾਨੂੰਨੀ ਮਾਲਕੀ ਹੱਕ ਮਿਲ ਗਿਆ ਹੈ | ਹੁਣ ਉਹ ਆਪਣੀ ਜਾਇਦਾਦ ਦੇ ਆਧਾਰ 'ਤੇ ਬੈਂਕਾਂ ਤੋਂ ਲੋਨ ਲੈ ਸਕਣਗੇ, ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਆਰਥਿਕ ਸਹਾਇਤਾ ਪ੍ਰਾਪਤ ਕਰ ਸਕਣਗੇ ਅਤੇ ਆਪਣੇ ਜੀਵਨ ਪੱਧਰ ਨੂੰ ਹੋਰ ਸੁਧਾਰ ਸਕਣਗੇ | ਇਸ ਨਾਲ ਉਨ੍ਹਾਂ ਨੂੰ ਸਿਰਫ਼ ਸੁਰੱਖਿਆ ਹੀ ਨਹੀਂ ਮਿਲੇਗੀ, ਸਗੋਂ ਉਹ ਆਪਣੇ ਸੰਪਤੀ ਹੱਕ ਨੂੰ ਹੋਰ ਵੱਖ-ਵੱਖ ਤਰੀਕਿਆਂ ਨਾਲ ਵੀ ਵਰਤ ਸਕਣਗੇ | ਇਸ ਯੋਜਨਾ ਨਾਲ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਹਨਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਵੀ ਮਜ਼ਬੂਤੀ ਆਏਗੀ | ਪਿੰਡ ਵਾਸੀਆਂ ਵੱਲੋਂ ਇਸ ਉਪਰਾਲੇ ਦੀ ਖੂਬ ਸਰਾਹਨਾ ਕੀਤੀ ਗਈ ਅਤੇ ਇਸ ਨੂੰ ਲੋਕ-ਹਿਤੈਸ਼ੀ ਕਦਮ ਕਰਾਰ ਦਿੱਤਾ ਗਿਆ | ਇਸ ਮੌਕੇ ਐੱਸ. ਡੀ. ਐੱਮ. ਬੰਗਾ ਵਿਪਿਨ ਭੰਡਾਰੀ, ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ, ਬੀ.ਡੀ.ਪੀ.ਓ. ਬੰਗਾ ਆਦੇਸ਼, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਪਟਵਾਰੀ ਜਗਤਪਾਲ ਸਿੰਘ, ਏ.ਐੱਸ.ਐੱਮ. ਜੈ ਗੋਪਾਲ ਰਾਣਾ, ਰਘਵੀਰ ਸਿੰਘ ਸਰਪੰਚ ਅਟਾਰੀ, ਪ੍ਰਭਜੋਤ ਸਿੰਘ ਰੀਡਰ ਤਹਿਸੀਲਦਾਰ, ਰਵਿੰਦਰ ਸਿੰਘ, ਕਮਲਜੀਤ ਸਿੰਘ ਮੇਹਲੀ, ਗੁਰਮੇਲ ਸਿੰਘ ਸਾਹਲੋਂ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ | ਇਹ ਉਪਰਾਲਾ ਹਲਕਾ ਬੰਗਾ ਵਿੱਚ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ-ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਚਨ ਬੱਧਤਾ ਨੂੰ ਦਰਸਾਉਂਦਾ ਹੈ |