ਨਵਾਂਸ਼ਹਿਰ, 23 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪਿੰਡ ਨੂਰਪੁਰ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪਾਇਆ ਗਿਆ ਜਦੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਸਾਹਮਣੇ ਪਈ ਰੇਤ ਵਿਚੋਂ ਇਕ ਲੜਕੀ ਨੇ ਪਿਸਤੌਲ ਦੇਖਿਆ ਅਤੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ, ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ | ਬਹਿਰਾਮ ਤੋਂ ਥਾਣਾ ਮੁਖੀ ਰਾਮਪਾਲ ਨੇ ਆ ਕੇ ਪਿਸਤੌਲ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਇਸਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ | ਪਿੰਡ ਦੇ ਸਰਪੰਚ ਲਖਵਿੰਦਰ ਸਾਬੀ ਨੇ ਦੱਸਿਆ ਕਿ ਉਹ ਕਿਸੇ ਸਮਾਗਮ ਵਿਚ ਗਏ ਹੋਏ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ | ਪੁਲਿਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਇਸ ਸਬੰਧੀ ਹਰਜੀਤ ਸਿੰਘ ਰੰਧਾਵਾ ਡੀ. ਐੱਸ. ਪੀ. ਬੰਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਖਿਡਾਉਣਾ ਰੂਪੀ ਜਾਪ ਰਿਹਾ ਹੈ | ਇਸ ਦੀ ਪੜਤਾਲ ਕੀਤੀ ਗਈ ਹੈ ਕੋਈ ਵੀ ਖ਼ਤਰੇ ਵਾਲੀ ਗੱਲ ਨਹੀਂ ਹੈ | ਉਨ੍ਹਾਂ ਆਖਿਆ ਕਿ ਇਹ ਪਿਸਤੌਲ ਰੇਤ ਦੀ ਟਰਾਲੀ ਨਾਲ ਹੀ ਦਰਿਆ ਵਿਚੋਂ ਆਇਆ ਲੱਗ ਰਿਹਾ ਹੈ |