ਕਟਾਰੀਆਂ, 23 ਅਪ੍ਰੈਲ (ਪੇ੍ਰਮੀ ਸੰਧਵਾਂ)ਸੀਨੀਅਰ ਕਾਂਗਰਸੀ ਤੇ ਕਿਸਾਨ ਆਗੂ ਕਮਲਜੀਤ ਬੰਗਾ ਵਲੋਂ ਆਪਣੇ ਸਾਥੀ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮਕਸੂਦਪੁਰ ਸੂੰਢ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਕਿਸਾਨਾਂ-ਮਜ਼ਦੂਰਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਆਪਣਾ ਦਰਦ ਸੁਣਾਉਂਦਿਆਂ ਕਿਹਾ ਕਿ ਵੱਧ ਨਮੀ ਦਾ ਬਹਾਨਾ ਲਾ ਕੇ ਕਈ ਵਾਰੀ ਕਿਸਾਨਾਂ ਦੀ ਖਰੀਦ ਏਜੰਸੀਆਂ ਵਲੋਂ ਕਣਕ ਨਹੀਂ ਖਰੀਦੀ ਜਾਂਦੀ | ਜਿਸ ਕਾਰਨ ਜਿੱਥੇ ਸਰਕਾਰ ਦੀ ਇਸ ਸ਼ਰਤ ਕਾਰਨ ਕਿਸਾਨਾਂ ਨੂੰ ਆਪਣੀ ਮੰਡੀ ਵੇਚਣ ਲਈ ਲਿਆਂਦੀ ਕਣਕ ਦੀ ਰਾਖੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਵੱਧ ਨਮੀ ਕਹਿ ਕੇ ਨਾ ਖਰੀਦੀ ਜਾਂਦੀ ਕਣਕ ਨੂੰ ਮੰਡੀ ਦੇ ਮਜ਼ਦੂਰਾਂ ਵਲੋਂ ਕਣਕ ਨੂੰ ਖਿਲਾਰ ਕੇ ਸੁਕਾਉਣ ਲਈ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਕਿਸਾਨ ਮਜ਼ਦੂਰ ਅਤੇ ਆੜ੍ਹਤੀ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ ਤੇ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿਚ ਆਪਣੀ ਜਿਣਸ ਵੇਚਣ ਲਈ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ | ਪਰ ਸਰਕਾਰ ਦੇ ਇਹ ਵਾਅਦੇ ਹਵਾ ਵਿੱਚ ਹੀ ਉਡਦੇ ਜਾ ਰਹੇ ਹਨ, ਕਿਉਂਕਿ ਨਾ ਤਾਂ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਹੋਈ ਤੇ ਨਾ ਹੀ ਮੰਡੀ ਵਿਚੋਂ ਕਣਕ ਦੀ ਚੁਕਾਈ ਸ਼ੁਰੂ ਹੋ ਸਕੀ, ਜਿਸ ਕਾਰਨ ਕਿਸਾਨ-ਮਜ਼ਦੂਰ ਡਾਢਾ ਪੇਸ਼ਾਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੰਡੀ ਵਿਚੋਂ ਕਣਕ ਦੀ ਚੁਕਾਈ ਜਲਦੀ ਸ਼ੁਰੂ ਕਰਵਾਉਣੀ ਚਾਹੀਦੀ ਹੈ ਤਾਂ ਜੋ ਮੰਡੀ ਦੇ ਹਰ ਵਰਗ ਨੂੰ ਰਾਹਤ ਮਿਲ ਸਕੇ | ਇਸ ਮੌਕੇ ਆੜ੍ਹਤੀ ਗੁਰਵਿੰਦਰ ਸਿੰਘ ਭੋਗਲ, ਮੁਨੀਮ ਨਰੰਜਣ ਦਾਸ, ਸੰਤੋਖ ਸਿੰਘ, ਬਖਸ਼ੀਸ਼ ਸਿੰਘ, ਜਗਨ ਨਾਥ ਮਕਸੂਦਪੁਰ, ਸਾਹਿਲ ਖੁਰਾਨਾ, ਪੇ੍ਰਮ ਕੁਮਾਰ ਅਰੋੜਾ, ਸਤਨਾਮ ਅਰੋੜਾ ਤੇ ਹਰਭਜਨ ਸਿੰਘ ਭਰੋਲੀ ਆਦਿ ਹਾਜ਼ਰ ਸਨ |