ਮਜਾਰੀ/ਸਾਹਿਬਾ, 23 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਬੱਸ ਅੱਡਾ ਚਣਕੋਆ ਵਿਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਨਾ ਰੁਕਣ ਕਾਰਨ ਇਲਾਕੇ ਦੇ ਅੱਕੇ ਹੋਏ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਬੀਬੀਆਂ ਵੀ ਸਨ ਨੇ ਧਰਨਾ ਲਗਾ ਕੇ ਰਾਜ ਮਾਰਗ ਜਾਮ ਕਰ ਦਿੱਤਾ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਧਰਨੇ ਵਿਚ ਪਹੁੰਚੀਆਂ ਬੀਬੀਆਂ ਨੇ ਦੋਸ਼ ਲਗਾਇਆ ਕਿ ਇਸ ਅੱਡੇ ਵਿਚ ਕਦੇ ਵੀ ਕੋਈ ਬੱਸ ਨਹੀਂ ਰੁੱਕਦੀ | ਉਨ੍ਹਾਂ ਦੇ ਬੱਚੇ ਜ਼ਿਆਦਾਤਰ ਲੜਕੀਆਂ ਵੱਖ-ਵੱਖ ਸਕੂਲਾਂ, ਕਾਲਜਾਂ ਵਿਚ ਪੜ੍ਹਨ ਲਈ ਇਸ ਅੱਡੇ ਤੋਂ ਬੱਸਾਂ ਫੜਦੇ ਹਨ, ਪਰ ਬੱਸਾਂ ਨਾ ਰੁੱਕਣ ਕਾਰਨ ਬੱਚਿਆਂ ਨੂੰ ਬੱਸ ਚੜ੍ਹਾਉਣ ਲਈ ਬਲਾਚੌਰ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਚੱਲਦੀਆਂ ਦੋ ਵੱਡੀਆਂ ਕੰਪਨੀਆਂ ਦੀਆਂ ਬੱਸਾਂ ਜਿਨ੍ਹਾਂ ਵਿਚ ਇਕ ਬਹੁਤ ਪੁਰਾਣੀ ਕੰਪਨੀ ਤੇ ਦੂਸਰੀ ਪੰਜਾਬ ਦੇ ਇੱਕ ਵੱਡੇ ਸਿਆਸੀ ਘਰਾਣੇ ਦੀ ਕੰਪਨੀ ਦੀਆਂ ਬੱਸਾਂ ਹਨ | ਇਨ੍ਹਾਂ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਜਿਹੜੇ ਬੱਚੇ ਹੁਸ਼ਿਆਰਪੁਰ ਸਾਈਡ ਤੋਂ ਪੜ੍ਹਕੇ ਆਉਂਦੇ ਹਨ | ਉਨ੍ਹਾਂ ਨੂੰ ਟਿਕਟ ਚਣਕੋਆ ਅੱਡੇ ਦੀ ਕੱਟ ਕੇ ਬਲਾਚੌਰ ਬਾਈਪਾਸ 'ਤੇ ਉਤਾਰਦੇ ਹਨ | ਇਸੇ ਤਰਾਂ ਚੰਡੀਗੜ੍ਹ ਰੋਪੜ ਵਲੋਂ ਆਉਂਦੇ ਬੱਚਿਆਂ ਨੂੰ ਮਜਾਰੀ ਬੱਸ ਅੱਡੇ ਵਿਚ ਉਤਾਰਦੇ ਹਨ | ਰਾਤ ਦੇ ਸਮੇਂ ਬੱਚਿਆਂ ਖ਼ਾਸ ਕਰਕੇ ਲੜਕੀਆਂ ਨੂੰ ਦੂਸਰੇ ਅੱਡਿਆਂ 'ਤੇ ਉਤਰਨ ਕਾਰਨ ਬਹੁਤ ਪ੍ਰੇਸ਼ਾਨੀ ਆਉਂਦੀ ਹੈ | ਬੀਬੀਆਂ ਨੇ ਸਖ਼ਤ ਇਤਰਾਜ਼ ਜਤਾਇਆ ਕਿ ਇਨ੍ਹਾਂ ਬੱਸਾਂ ਦੇ ਕੰਡਕਟਰਾਂ ਵਲੋਂ ਬੱਚਿਆਂ ਨੂੰ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ | ਧਰਨਾਕਾਰੀਆਂ ਦੀ ਗੱਲ ਸੁਣਨ ਲਈ ਕੋਈ ਵੱਡਾ ਸਿਵਲ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ | ਅਖੀਰ ਥਾਣਾ ਸਦਰ ਬਲਾਚੌਰ ਦੇ ਮੁਖੀ ਬਿਕਰਮ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਬੀਬੀਆਂ ਇਸ ਗੱਲ 'ਤੇ ਅੜ ਗਈਆਂ ਕਿ ਦੋਵਾਂ ਪ੍ਰਾਈਵੇਟ ਬੱਸਾਂ ਦੇ ਜ਼ੰੁਮੇਵਾਰਾਂ ਨੂੰ ਇੱਥੇ ਲਿਆਂਦਾ ਜਾਵੇ | ਥਾਣਾ ਮੁੱਖੀ ਬਿਕਰਮ ਸਿੰਘ ਨੇ ਦੋਵਾਂ ਕੰਪਨੀਆਂ ਦੇ ਬਲਾਚੌਰ ਤੋਂ ਅੱਡਾਂ ਇੰਚਾਰਜਾਂ ਤੇ ਪੰਜਾਬ ਰੋਡਵੇਜ਼ ਦੇ ਜੀ.ਐੱਮ. ਦਫ਼ਤਰ ਤੋਂ ਨੁਮਾਇੰਦੇ ਨੂੰ ਬੁਲਾ ਕੇ ਬੀਬੀਆਂ ਨੂੰ ਇਹ ਲਿਖਤੀ ਰੂਪ ਵਿਚ ਵਿਸ਼ਵਾਸ ਦਵਾਇਆ ਗਿਆ ਕਿ ਅੱਗੇ ਤੋਂ ਹਰੇਕ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਇਸ ਅੱਡੇ ਵਿਚ ਰੁਕਣਗੀਆਂ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸੜਕ ਜਾਮ ਖੁਲ੍ਹਵਾਇਆ ਗਿਆ | ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਅੱਗੇ ਤੋਂ ਇੱਥੇ ਬੱਸਾਂ ਨਾ ਰੁਕੀਆਂ ਤਾਂ ਇਸ ਮਾਰਗ 'ਤੇ ਪੱਕਾ ਜਾਮ ਲਗਾਇਆ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ |