ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਰੈੱਡ ਕਰਾਸ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਮਿਡਲ ਸਕੂਲ ਥਾਂਦੀਆਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਬਿੰਦਰਾ ਦੇਵੀ ਸਰਪੰਚ ਅਤੇ ਕਰਮਜੀਤ ਕੌਰ ਮੁੱਖ ਅਧਿਆਪਕਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੱਚਿਆ ਨੂੰ ਸਮਝਾਇਆ ਕਿ ਨਸ਼ੇ ਦੀ ਆਦਤ ਬਹੁਤ ਹੀ ਭਿਆਨਕ ਹੈ | ਕਈ ਵਾਰ ਛੋਟੇ ਬੱਚੇ ਵੀ ਅਣਜਾਣਤਾ ਵਿੱਚ ਆ ਕੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਨ, ਉਨਾਂ ਦੱਸਿਆ ਕਿ ਕਈ ਵਾਰ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੰਬਾਕੂ ਦੀ ਵਰਤੋਂ ਕਰਨ ਲੱਗ ਜਾਦੇ ਹਨ, ਜਿਸ ਨਾਲ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ | ਇਸ ਦੇ ਨਾਲ ਬੱਚੇ ਹੋਲੀ-ਹੋਲੀ ਛੋਟੇ ਨਸ਼ਿਆਂ ਤੋਂ ਵੱਡੇ ਹੈਰੋਇਨ ਵਰਗੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਦੇ ਹਨ | ਨਸ਼ੇ ਦੀ ਵਰਤੋਂ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਂਦਾ ਹੈ ਅਤੇ ਬੌਧਿਕ ਵਿਕਾਸ ਰੁੱਕ ਜਾਦਾ ਹੈ | ਉਹਨਾਂ ਕਿਹਾ ਕਿ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ-ਨਾਲ ਸਮਾਜ, ਪੰਜਾਬ ਅਤੇ ਭਾਰਤ ਦੇਸ਼ ਵੀ ਨਸ਼ਾ ਮੁਕਤ ਹੋਵੇਗਾ | ਇਸ ਮੌਕੇ ਕਮਲਜੀਤ ਕੌਰ ਕਾਊਾਸਲਰ ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਮਰੀਜਾਂ ਦੇ ਮੁਫਤ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ | ਕਰਮਜੀਤ ਕੌਰ ਮੁੱਖ ਅਧਿਆਪਕਾਂ ਨੇ ਰੈੱਡ ਕਰਾਸ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸਮੂਹ ਸਕੂਲ ਸਟਾਫ ਮੈਂਬਰ ਅਮਨਦੀਪ ਕੌਰ ਜੌਹਰ ਮੁੱਖ ਅਧਿਆਪਕਾਂ, ਆਸ਼ਾ ਰਾਣੀ ਅਧਿਆਪਕਾ, ਮਮਤਾ, ਕਿ੍ਸ਼ਣਾ ਦੇਵੀ ਪੰਚ, ਤਲਵਿੰਦਰ ਕੁਮਾਰ ਪੰਚ, ਸਰਬਜੀਤ ਕੌਰ ਪੰਚ, ਰੁਪਿੰਦਰ ਸਿੰਘ, ਰਾਜਵਿੰਦਰ ਕੌਰ, ਸੁਨੀਤਾ ਰਾਣੀ, ਪਿੰਡ ਵਾਸੀ ਅਤੇ ਵਿਦਿਆਰਥੀ ਹਾਜਰ ਸਨ |