ਬਲਾਚੌਰ, 9 ਮਈ (ਨਰੇਸ਼ ਧੌਲ)-ਭਾਈ ਅੰਮਿ੍ਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨ 'ਤੇ ਸੱਚ ਸੁਣਨ ਦੀ ਹਿੰਮਤ ਨਾ ਜਟਾ ਪਾਉਣਾ ਅਤਿ ਮੰਦਭਾਗਾਂ ਵਰਤਾਰਾ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਬਲਾਚੌਰ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਯੂਥ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਸੀ. ਐਮ ਭਗਵੰਤ ਮਾਨ ਨੂੰ ਜਦੋਂ ਬੀਬੀ ਬਲਵਿੰਦਰ ਕੌਰ ਨੇ ਰਸਤੇ ਵਿਚ ਇਕ ਸਟੇਜ 'ਤੇ ਸੰਬੋਧਨ ਕਰਦਿਆਂ ਦੇਖਿਆ, ਤਾਂ ਉਹ ਇਕ ਮਾਂ ਦਾ ਦਰਦ ਲੈ ਕੇ ਉੱਥੇ ਪਹੁੰਚ ਗਏ | ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਿੱਧੇ ਸਵਾਲ ਕੀਤੇ ਕਿ ਜਦੋਂ ਭਾਈ ਅੰਮਿ੍ਤਪਾਲ ਸਿੰਘ ਵਿਰੁੱਧ ਲੱਗੀ ਐਨ. ਐਸ. ਏ. ਦੀ ਮਿਆਦ ਖ਼ਤਮ ਹੋ ਚੁੱਕੀ ਹੈ ਤੇ ਸਾਰੇ ਕੇਸ ਪੰਜਾਬ ਨਾਲ ਸੰਬੰਧਿਤ ਹਨ, ਤਾਂ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਕਿਉਂ ਨਹੀਂ ਲਿਆਂਦਾ ਜਾ ਰਿਹਾ | ਐਡਵੋਕੇਟ ਖੋਸਲਾ ਨੇ ਇਸ ਮੌਕੇ ਸਰਕਾਰ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਹੈ |