ਰਾਹੋਂ, 22 ਮਈ (ਉਂਕਾਰ ਸਿੰਘ ਰਾਠੋਰ)-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਤੇ ਰੇਤੇ ਦੇ ਭਰੇ ਟਿੱਪਰਾਂ ਦੀ ਬੇਕਾਬੂ ਆਵਾਜਾਈ ਕਾਰਨ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਧਰਨਾ ਲਗਾਇਆ ਗਿਆ | ਉਨ੍ਹਾਂ ਦਾ ਕਹਿਣਾ ਹੈ ਕਿ ਧੁਲੇਵਾਲ ਟੱਕ ਚਲ ਰਿਹਾ ਹੈ ਜਿਸ ਤੋਂ ਰੇਤੇ ਦੇ ਟਿੱਪਰ ਭਰ ਕੇ ਸਤਲੁਜ ਬੰਨ੍ਹ ਤੋਂ ਲੰਘਦੇ ਹਨ | ਉਨ੍ਹਾਂ ਕਿਹਾ ਕਿ ਧਰਨਾ ਰੂਟ ਤੈਅ ਨਾ ਕੀਤੇ ਜਾਣ ਦੇ ਰੋਸ ਵਜੋਂ ਹੈ | ਇਸ ਮੌਕੇ ਪਿੰਡ ਫੂਲਮਕੋੜੀ, ਬਹਿਲੂਰ ਕਲਾਂ, ਸੈਦਪੁਰ ਖੁਰਦ, ਸੈਦਪੁਰ ਕਲਾਂ, ਕਨੌਣ, ਨਿਆਮਤਪੁਰ, ਹੁਸੈਨਪੁਰ, ਸ਼ੇਖੇ ਮਜ਼ਾਰਾਂ, ਦਿਲਾਵਰਪੁਰ ਦੇ ਪੰਚਾਇਤ ਮੈਂਬਰ ਤੇ ਸਥਾਨਕ ਲੋਕਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਭਾਰੀ ਟਿੱਪਰ ਬਿਨਾ ਕਿਸੇ ਪੱਕੇ ਰੂਟ ਦੇ ਸਿੱਧੇ ਨਾਜ਼ੁਕ ਬੰਨ੍ਹ ਤੋਂ ਘੱਟੋ ਘੱਟ 12 ਤੋਂ 14 ਕਿਲੋਮੀਟਰ ਤੱਕ ਲੰਘ ਰਹੇ ਹਨ | ਜਿਸ ਨਾਲ ਬੰਨ੍ਹ ਟੁੱਟਣ ਤੇ ਹੜ੍ਹ ਆਉਣ ਦਾ ਵੱਡਾ ਖ਼ਤਰਾ ਬਣ ਗਿਆ | ਓਵਰਲੋਡ ਟਿੱਪਰਾਂ ਦੇ ਲਗਾਤਾਰ ਲੰਘਣ ਨਾਲ ਸਤਲੁਜ ਦਾ ਨਾਜ਼ੁਕ ਬੰਨ੍ਹ ਕਮਜ਼ੋਰ ਹੋ ਰਿਹਾ ਹੈ, ਜਿਸ ਨਾਲ ਬਰਸਾਤ ਦੇ ਦਿਨਾਂ ਵਿਚ ਬੰਨ੍ਹ ਟੁੱਟਣ ਦਾ ਡਰ ਹੈ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਟਿੱਪਰਾਂ ਲਈ ਕੋਈ ਵੱਖਰਾ ਨਿਰਧਾਰਿਤ ਰੂਟ (ਰਾਹ) ਤੈਅ ਨਹੀਂ ਕੀਤਾ, ਜਿਸ ਕਾਰਨ ਠੇਕੇਦਾਰ ਬੰਨ੍ਹ ਦੇ ਰਸਤਿਆਂ ਦੀ ਵਰਤੋਂ ਕਰ ਰਹੇ ਹਨ | ਤੇਜ਼ ਰਫ਼ਤਾਰ ਰੇਤੇ ਦੇ ਭਰੇ ਟਿੱਪਰਾਂ ਕਾਰਨ ਉੱਡਦੀ ਧੂੜ-ਮਿੱਟੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਤੇ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਰੂਟ ਤੋਂ ਰੋਜ਼ਾਨਾ ਛੋਟੇ-ਛੋਟੇ ਬੱਚੇ ਸਕੂਲ ਆਉਂਦੇ ਜਾਉਂਦੇ ਹਨ ਜਿਸ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ | ਲੋਕਾਂ ਦੀਆਂ ਪ੍ਰਮੁੱਖ ਮੰਗਾਂ ਰੇਤੇ ਦੇ ਟਿੱਪਰਾਂ ਲਈ ਬੰਨ੍ਹ ਤੋਂ ਇਲਾਵਾ ਇਕ ਵੱਖਰਾ ਤੇ ਸਪੱਸ਼ਟ ਰੂਟ ਤੈਅ ਕੀਤਾ ਜਾਵੇ | ਧੁੱਸੀ ਬੰਨ੍ਹ ਉੱਪਰੋਂ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਤੁਰੰਤ ਮੁਕੰਮਲ ਪਾਬੰਦੀ ਲਗਾਈ ਜਾਵੇ | ਓਵਰਲੋਡ ਵਾਹਨਾਂ ਦੇ ਚਲਾਨ ਕੱਟੇ ਜਾਣ ਤੇ ਨਾਜਾਇਜ਼ ਲੰਘਣ ਵਾਲੇ ਵਾਹਨ ਜ਼ਬਤ ਕੀਤੇ ਜਾਣ | ਇਸ ਸਥਿਤੀ ਵਿਚ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਸਥਾਨਕ ਪ੍ਰਸ਼ਾਸਨ ਟਿੱਪਰਾਂ ਦਾ ਰੂਟ ਬਦਲਣ ਦਾ ਭਰੋਸਾ ਨਹੀਂ ਦਿੰਦਾ, ਉਦੋਂ ਤੱਕ ਧਰਨਾ ਖ਼ਤਮ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਇਸ ਮੌਕੇ ਅੰਗਰੇਜ਼ ਰਾਮ ਸਾਬਕਾ ਸਰਪੰਚ ਕਨੋਣ ਫੂਲਮਕੌੜੀ, ਬਲਦੇਵ ਰਾਜ ਸਾਬਕਾ ਸਰਪੰਚ ਸੈਦਪੁਰ ਕਲਾਂ, ਚਰੰਜੀ ਲਾਲ ਨੰਬਰਦਾਰ ਫੂਲ ਮਕੋੜੀ, ਗੁਰਦਿਆਲ ਸਿੰਘ ਨੰਬਰਦਾਰ ਬਹਿਲੂਰ ਕਲਾਂ, ਸਾਬਕਾ ਪੰਚ ਗੁਰਮੁਖ ਸਿੰਘ, ਪੰਚ ਕੁਲਦੀਪ ਸਿੰਘ ਫੂਲਮਕੌੜੀ, ਨਾਥਰਾਮ ਸੈਦਪੁਰ, ਪੰਚ ਬਚਨ ਸਿੰਘ ਸੈਦਪੁਰ, ਪੰਚ ਰਾਮਪਾਲ ਕਨੋਣ, ਪੰਚ ਨਰਿੰਦਰ ਸਿੰਘ ਸੈਦਪੁਰ, ਕੇਹਰ ਸਿੰਘ ਨੰਬਰਦਾਰ ਬਹਿਲੂਰ ਕਲਾਂ,ਸਾਬਕਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਨਿਆਮਤਪੁਰ ਅਜੀਤ ਰਾਮ, ਅਜੀਤ ਸਿੰਘ, ਚੰਨਣ ਸਿੰਘ ਸਾਬਕਾ ਪੰਚ, ਸ਼ਿੰਗਾਰਾ ਸਿੰਘ ਮੌਜ਼ੂਦ ਸਨ |