ਸਮੁੰਦੜਾ, 26 ਮਈ (ਤੀਰਥ ਸਿੰਘ ਰੱਕੜ)-ਪਿੰਡ ਸਿੰਬਲੀ ਵਿਖੇ ਡੇਰਾ ਪੀਰ ਬਾਬਾ ਮੀਆਂ ਫਜ਼ਲੀ ਸ਼ਾਹ ਖ਼ਾਨਗਾਹ ਵਾਲਿਆਂ ਦੀ ਦਰਗਾਹ 'ਤੇ ਮੁੱਖ ਸੇਵਾਦਾਰ ਸਾਈ ਬੂਟਾ ਰਾਮ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ, ਇਲਾਕੇ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਤਿੰਨ ਦਿਨਾਂ ਚੱਲੇ ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਗਾਇਕੀ ਰਾਹੀਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ | ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਚਿਰਾਗ਼ਾਂ ਦੀ ਰਸਮ ਉਪਰੰਤ ਕੱਵਾਲ ਇਮਰਾਨ ਸੂਫ਼ੀ ਅਤੇ ਸਾਥੀਆਂ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਗਈਆਂ | ਮੇਲੇ ਦੇ ਦੂਸਰੇ ਦਿਨ ਖੁੱਲੇ੍ਹ ਪੰਡਾਲਾਂ 'ਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਮੌਕੇ ਪ੍ਰਸਿੱਧ ਗਾਇਕ ਪਰਵੇਜ਼ ਆਲਮ ਨੇ ਆਪਣੀ ਹਾਜ਼ਰੀ ਲਵਾਈ | ਮੇਲੇ ਦੇ ਤੀਸਰੇ ਦਿਨ ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਨੇ ਸੂਫ਼ੀ ਕਲਾਮ ਅਤੇ ਵੱਖ-ਵੱਖ ਗੀਤਾਂ ਰਾਹੀਂ ਦਰਸ਼ਕ ਝੂਮਣ ਲਾ ਦਿੱਤੇ | ਇਸ ਮੌਕੇ ਵੱਖ-ਵੱਖ ਸਹਿਯੋਗੀ ਸ਼ਖ਼ਸੀਅਤਾਂ ਅਤੇ ਕਲਾਕਾਰਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਪਿੰਡ ਵਾਸੀਆਂ ਵੱਲੋਂ ਗਰਮੀ ਨੂੰ ਵੇਖਦਿਆਂ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਵੀ ਲਗਾਏ ਗਏ | ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ