ਉਸਮਾਨਪੁਰ, 7 ਜੂਨ (ਸੰਦੀਪ ਮਝੂਰ)-ਪਿੰਡ ਮੁਜੱਫਰਪੁਰ ਵਿਖੇ ਮੀਆਂ ਬਾਬਾ ਗ਼ੁਲਾਮ ਭੀਖ ਚਿਸ਼ਤੀ ਰੌਜ਼ਾ ਸ਼ਰੀਫ਼ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਦੋ ਰੋਜ਼ਾ ਸਾਲਾਨਾ ਰੌਸ਼ਨੀ ਮੇਲਾ ਧੂਮਧਾਮ ਨਾਲ ਮਨਾਇਆ | ਮੇਲੇ ਦੇ ਪਹਿਲੇ ਦਿਨ ਦਰਬਾਰ 'ਤੇ ਝੰਡੇ ਤੇ ਚਿਰਾਗ਼ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਦਰਬਾਰ 'ਤੇ ਨਤਮਸਤਕ ਹੋਈਆਂ | ਇਸ ਮੌਕੇ ਚਿਰੰਜੀ ਲਾਲ ਜਾਡਲਾ, ਇਬਾਦਤ ਅਲੀ, ਹਰਮੇਸ਼ ਰੰਗੀਲਾ ਆਦਿ ਵਲੋਂ ਕਵਾਲੀਆਂ ਰਾਹੀਂ ਦਰਬਾਰ 'ਤੇ ਹਾਜ਼ਰੀ ਭਰੀ ਗਈ | ਮੇਲੇ ਦੇ ਦੂਜੇ ਦਿਨ ਗਾਇਕੀ ਦੇ ਖੁੱਲ੍ਹੇ ਅਖਾੜੇ 'ਚ ਪ੍ਰਸਿੱਧ ਗਾਇਕ ਰਣਜੀਤ ਰਾਣਾ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਸਰੋਤਿਆਂ ਦੀ ਖ਼ੂਬ ਵਾਹ-ਵਾਹੀ ਖੱਟੀ | ਇਸ ਤੋਂ ਇਲਾਵਾ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ, ਲੱਕੀ ਹਿਆਲਾ, ਬਲਜਿੰਦਰ ਬੈਂਸ, ਰਾਂਝਣ ਅਲੀ, ਭੱਟੀ ਕੰਗਣਾ, ਪ੍ਰੇਮ ਚੰਦ ਯਮਲਾ ਆਦਿ ਨੇ ਵੀ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮੇਲੇ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਪਰਿਵਾਰਾਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ |