ਉਸਮਾਨਪੁਰ, 15 ਜੂਨ (ਸੰਦੀਪ ਮਝੂਰ)-ਸਵੇਰੇ 9:30 ਵਜੇ ਦੇ ਕਰੀਬ ਰਾਹੋਂ-ਜਾਡਲਾ ਮਾਰਗ ‘ਤੇ ਪਿੰਡ ਰਾਮਗੜ੍ਹ ਇੱਟ ਭੱਠੇ ਨੇੜੇ ਇਕ ਟਿੱਪਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਦਰੜ ਦਿੱਤਾ ਗਿਆ। ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਉਸਮਾਨਪੁਰ ਦੇ ਵਸਨੀਕ ਸੁਖਵਿੰਦਰ ਸਿੰਘ ਉਰਫ ਸੁੱਖਾ (39) ਪੁੱਤਰ ਸੀਤਲ ਸਿੰਘ ਵਜੋਂ ਹੋਈ ਹੈ। ਮੌਕੇ ‘ਤੇ ਇੱਕਤਰ ਲੋਕਾਂ ਨੇ ਰੋਸ ਵਜੋਂ ਸੜਕ ਬੰਦ ਕਰ ਦਿੱਤੀ। ਹਾਦਸਾ ਇੰਨਾ ਦਰਦਨਾਕ ਸੀ ਕਿ ਮ੍ਰਿਤਕ ਦੀ ਲਾਸ਼ ਟਿੱਪਰ ਦੇ ਪਿਛਲੇ ਟਾਇਰਾਂ ਹੇਠਾਂ ਫਸ ਗਈ। ਇਸ ਮੌਕੇ ਹਾਜ਼ਰ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਨੰਬਰ ਪੀ.ਬੀ 32 ਜੇ 9859 ‘ਤੇ ਸਵਾਰ ਹੋ ਕੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਆਪਣੀ ਸਾਈਡ ‘ਤੇ ਸੀ। ਜਿਉਂ ਹੀ ਇਹ ਉਕਤ ਇੱਟ ਭੱਠੇ ਕੋਲ ਪੁੱਜਾ ਤਾਂ ਰਾਹੋਂ ਦੀ ਤਰਫ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਿੱਪਰ ਨੰਬਰ ਪੀ.ਬੀ 10 ਜੇ.ਜੈਡ 0529 ਨੇ ਮੋਟਰਸਾਇਕਲ ਸਵਾਰ ਉਕਤ ਨੌਜਵਾਨ ਨੂੰ ਪਿਛਿਉਂ ਟੱਕਰ ਮਾਰੀ ਤੇ ਆਪਣੇ ਨਾਲ ਘੜੀਸਦਾ ਹੋਇਆ ਲੈ ਗਿਆ। ਜਿਸ ਕਾਰਨ ਉਕਤ ਨੌਜਵਾਨ ਟਿੱਪਰ ਦੇ ਪਿਛਲੇ ਟਾਇਰਾਂ ਹੇਠ ਫਸ ਗਿਆ ਤੇ ਉਸ ਦੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮੌਕੇ ਪੰਕਜ ਸ਼ਰਮਾ ਡੀ. ਐਸ. ਪੀ. ਨਵਾਂਸ਼ਹਿਰ, ਚੌਧਰੀ ਵਰਿੰਦਰ ਕੁਮਾਰ ਥਾਣਾ ਮੁਖੀ ਸਦਰ, ਏ. ਐਸ. ਆਈ. ਸਤਨਾਮ ਸਿੰਘ ਰੰਧਾਵਾ, ਚੌਕੀ ਇੰਚਾਰਜ ਜਾਡਲਾ ਸੰਜੀਵ ਕੁਮਾਰ ਤੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਗਿੱਲ ਨੇ ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਰਘੁਬੀਰ ਸਿੰਘ, ਮਨਜੀਤ ਰਾਮ, ਅਜੈਬ ਸਿੰਘ, ਬਲਬੀਰ ਸਿੰਘ, ਇਲਾਕਾ ਕਮੇਟੀ ਦੇ ਆਗੂ ਪਰਮਜੀਤ ਸਿੰਘ ਸ਼ਹਾਬਪੁਰ, ਹਰਮਿੰਦਰ ਸਿੰਘ, ਅਜੀਤ ਸਿੰਘ ਸੋਇਤਾ, ਹਰਪਾਲ ਸਿੰਘ ਪਾਲਾ, ਸਰਵਨ ਸਿੰਘ ਭੋਲਾ, ਗਿਆਨੀ ਜੋਗਿੰਦਰ ਸਿੰਘ ਆਦਿ ਨੇ ਮੌਕੇ ‘ਤੇ ਹਾਜ਼ਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਿਨ ਸਮੇਂ ਉਵਰਲੋਡ ਟਿੱਪਰ ਬਹੁਤ ਹੀ ਤੇਜ਼ੀ ਨਾਲ ਉਕਤ ਮਾਰਗ ਤੋਂ ਲੰਘਦੇ ਹਨ। ਇਸ ਤੋਂ ਪਹਿਲਾਂ ਵੀ ਪਿੰਡ ਦੀ ਇਕ ਲੜਕੀ ਅਤੇ ਇਕ ਨੌਜਵਾਨ ਲੜਕੇ ਦੀ ਮੌਤ ਟਿੱਪਰ ਹਾਦਸੇ ਵਿਚ ਹੋ ਚੁੱਕੀ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਸਖ਼ਤ ਕਦਮ ਚੁੱਕੇ। ਪੰਕਜ ਸ਼ਰਮਾ ਡੀ. ਐਸ. ਪੀ. ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀ ਮੰਗ ਡਿਪਟੀ ਕਮਿਸ਼ਨਰ ਤੱਕ ਪੁੱਜਦੀ ਕੀਤੀ ਜਾਵੇਗੀ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਆਵਾਜਾਈ ਖੁਲਵਾ ਦਿੱਤੀ ਗਈ। ਪੰਕਜ ਸ਼ਰਮਾ ਡੀ. ਐਸ. ਪੀ. ਨਵਾਂਸ਼ਹਿਰ ਨੇ ਦੱਸਿਆ ਕਿ ਰਾਹੋਂ ਪੁਲਿਸ ਵਲੋਂ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗੇਲਰੀ ਕਰਵਾਈ ਆਰੰਭ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਵਿਧਵਾ ਮਾਂ, ਪਤਨੀ ਤੇ ਇਕ ਛੋਟੇ ਬੱਚੇ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।
ਰਾਮਗੜ੍ਹ ਲਾਗੇ ਟਿੱਪਰ ਵਲੋਂ ਦਰੜੇ ਜਾਣ ਕਰਕੇ ਨੌਜਵਾਨ ਦੀ ਮੌਤ
ਅਜੀਤ ਡੈਸਕ
16-06-2026