ਔੜ, 25 ਜੂਨ (ਗੁਰਨਾਮ ਸਿੰਘ ਸੈਣੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਡਾ. ਲੇਖ ਰਾਜ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਔੜ ਦੇ ਪਿੰਡ ਭਾਰਟਾ ਖੁਰਦ ਵਿਖੇ ‘ਆਤਮਾ’ ਸਕੀਮ ਤਹਿਤ ਇਕ ਰੋਜ਼ਾ ਫਾਰਮਰ ਸਾਇੰਟਿਸਟ ਇੰਟਰੈਕਸ਼ਨ (ਕਿਸਾਨ-ਵਿਗਿਆਨੀ ਵਿਚਾਰ-ਵਟਾਂਦਰਾ) ਕੈਂਪ ਲਗਾਇਆ। ਕੈਂਪ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਖੇਤੀਬਾੜੀ ਵਿਸਥਾਰ ਅਫਸਰ ਦੀਪਕ ਕੁਮਾਰ ਨੇ ਨਿਭਾਈ। ਕੈਂਪ ਦੌਰਾਨ ਖੇਤੀਬਾੜੀ ਵਿਭਾਗ ਤੋਂ ਡਾ. ਅਸ਼ਵਿੰਦਰ ਕੁਮਾਰ ਨੇ ਕਿਸਾਨਾਂ ਨੂੰ ਐਗਰੀ ਸਟੈਕ, ਸਕੀਮ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ (ਕਣਕ-ਝੋਨੇ) ਵਿਚੋਂ ਨਿਕਲ ਕੇ ਮੱਕੀ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਆਤਮਾ ਦੇ ਪ੍ਰਾਜੈਕਟ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਕੁਦਰਤੀ ਖੇਤੀ ਅਤੇ ਫਸਲੀ ਵਿਭਿੰਨਤਾ ਅਪਣਾਉਣ ’ਤੇ ਜ਼ੋਰ ਦਿੱਤਾ। ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਪਹੁੰਚੇ ਭੂਮੀ ਵਿਗਿਆਨੀ ਡਾ. ਮੁਹੰਮਦ ਅਮੀਨ ਭੱਟ ਅਤੇ ਫਸਲ ਵਿਗਿਆਨੀ ਡਾ. ਰਮਨਦੀਪ ਕੌਰ ਨੇ ਮਿੱਟੀ ਦੀ ਪਰਖ, ਖਾਦਾਂ ਦੀ ਸਹੀ ਮਿਕਦਾਰ ਵਿੱਚ ਵਰਤੋਂ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਸੰਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਕੇ. ਵੀ. ਕੇ. ਲੰਗੜੋਆ ਦੇ ਮਾਹਿਰ ਡਾ. ਜਸਵਿੰਦਰ ਕੁਮਾਰ ਨੇ ਝੋਨੇ ਦੀ ਕਾਸ਼ਤ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਦੱਸੇ ਅਤੇ ਕਿਸਾਨਾਂ ਨੂੰ ਮਿੱਟੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ ਜਦਕਿ ਡਾ. ਤੇਜਵੀਰ ਸਿੰਘ ਨੇ ਪਸ਼ੂਆਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ। ਵੈਟਰਨਰੀ ਅਫਸਰ (ਫਾਬੜਾ) ਡਾ. ਰਤਿੰਦਰ ਸਿੰਘ ਨੇ ਵੀ ਪਸ਼ੂ ਪਾਲਣ ਸਬੰਧੀ ਕੀਮਤੀ ਸੁਝਾਅ ਸਾਂਝੇ ਕੀਤੇ। ਇਸੇ ਤਰ੍ਹਾਂ ਸਹਾਇਕ ਡਾਇਰੈਕਟਰ ਫਿਸ਼ਰੀਜ਼ ਸਰਬਜੀਤ ਸਿੰਘ ਨਿੱਜਰ ਨੇ ਮੱਛੀ ਪਾਲਣ ਦੇ ਸਹਾਇਕ ਧੰਦੇ ਅਤੇ ਵਿਭਾਗ ਦੀਆਂ ਸਬਸਿਡੀ ਸਕੀਮਾਂ ਬਾਰੇ ਦੱਸਿਆ। ਨੈਸ਼ਨਲ ਬੈਂਕ ਤੋਂ ਪਹੁੰਚੇ ਰਾਜੇਸ਼ ਮੋਹਨ ਭਗਤ ਨੇ ਕਿਸਾਨਾਂ ਨੂੰ ਬੈਂਕ ਲੋਨ ਤੇ ਕਿਸਾਨ ਕ੍ਰੈਡਿਟ ਕਾਰਡ (33) ਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਭੂਮੀ ਤੇ ਪਾਣੀ ਸੰਭਾਲ ਵਿਭਾਗ ਤੋਂ ਸ਼ਿਵਰਾਜ ਸਿੰਘ ਨੇ ਅੰਡਰਗਰਾਊਂਡ ਪਾਈਪਲਾਈਨ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ (ਔੜ) ਮਿਸ ਮੋਨਿਕਾ ਖੇਤੀਬਾੜੀ ਵਿਸਥਾਰ ਅਫਸਰ ਮੈਡਮ ਅੰਜੂ ਸਾਗਰ ਤੇ ਏ. ਟੀ. ਐਮ. ਜਸਵਿੰਦਰ ਸਿੰਘ ਨੇ ਵੀ ਕੈਂਪ ਦੇ ਪ੍ਰਬੰਧਾਂ ਵਿਚ ਬਣਦੀ ਭੂਮਿਕਾ ਨਿਭਾਈ। ਅਖੀਰ ਵਿਚ ਸੁਸਾਇਟੀ ਦੇ ਸੈਕਟਰੀ ਅਮਰਜੀਤ ਸਿੰਘ (ਭਾਰਟਾ ਖੁਰਦ) ਨੇ ਆਏ ਹੋਏ ਸਾਰੇ ਅਧਿਕਾਰੀਆਂ, ਵਿਗਿਆਨੀਆਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੈਕਟਰੀ ਕਰਨਵੀਰ ਸਿੰਘ ਭਾਰਟਾ ਕਲਾਂ, ਜਸਕਰਨ ਸਿੰਘ, ਸੁਖਵਿੰਦਰ ਸਿੰਘ, ਹਰਚਰਨ ਸਿੰਘ, ਰਾਜਵਿੰਦਰ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।
ਭਾਰਟਾ ਖੁਰਦ ਵਿਖੇ ‘ਆਤਮਾ’ ਸਕੀਮ ਤਹਿਤ ‘ਫਾਰਮਰ ਸਾਇੰਟਿਸਟ ਇੰਟਰੈਕਸ਼ਨ ਕੈਂਪ’ ਲਗਾਇਆ
ਅਜੀਤ ਡੈਸਕ
26-06-2026